ਪਰਿਵਾਰ ਛੋਟਾ ਹੈ ਤਾਂ ਜ਼ਿੰਦਗੀ ਬਿਹਤਰ ਹੋਵੇਗੀ : ਸਿਵਲ ਸਰਜਨ

ਐਸ.ਏ.ਐਸ ਨਗਰ, 11 ਜੁਲਾਈ (ਸ.ਬ.) ‘ਸੀਮਤ ਹੋ ਰਹੇ ਸਾਧਨਾਂ ਦੇ ਅਜੋਕੇ ਯੁੱਗ ਵਿੱਚ ਦਿਨ-ਬ-ਦਿਨ ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਣਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ| ਇਸ ਵੇਲੇ ਦੁਨੀਆਂ ਦੀ ਆਬਾਦੀ ਸਾਢੇ ਸੱਤ ਅਰਬ ਹੈ ਤੇ ਭਾਰਤ ਸਵਾ ਅਰਬ ਦੀ ਆਬਾਦੀ ਨਾਲ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ| ਵਧ ਰਹੀ ਆਬਾਦੀ ਕਈ ਸਮੱਸਿਆਂ ਨੂੰ ਜਨਮ ਦਿੰਦੀ ਹੈ ਅਤੇ ਆਬਾਦੀ ਨੂੰ ਕੰਟਰੋਲ ਕਰਨ ਲਈ ਜਾਗਰੂਕਤਾ ਫੈਲਾਉਣਾ ਹੀ ਵਿਸ਼ਵ ਆਬਾਦੀ ਦਿਵਸ ਦਾ ਮਕਸਦ ਹੈ|’
ਇਹ ਸ਼ਬਦ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ| ਉਨ੍ਹਾਂ ਕਿਹਾ ਕਿ ਇਸ ਵਾਰ ਦਾ ਆਬਾਦੀ ਦਿਵਸ ਪਰਿਵਾਰ ਨਿਯੋਜਨ ਦਾ ਸੁਨੇਹਾ ਦਿੰਦਾ ਹੈ ਯਾਨੀ ਜੇ ਸਾਡਾ ਪਰਿਵਾਰ ਛੋਟਾ ਹੈ ਤਾਂ ਅਸੀਂ ਜ਼ਿੰਦਗੀ ਦਾ ਬਿਹਤਰ ਢੰਗ ਨਾਲ ਆਨੰਦ ਲੈ ਸਕਦੇ ਹਾਂ| ਜ਼ਾਹਰ ਹੈ ਕਿ ਜੇ ਪਰਿਵਾਰ ਵੱਡਾ ਹੋਵੇਗਾ ਤਾਂ ਪਰਿਵਾਰ ਉਤੇ ਆਰਥਕ ਬੋਝ ਜ਼ਿਆਦਾ ਪਵੇਗਾ ਅਤੇ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਮਾਣਨ ਦੇ ਮੌਕੇ ਵੀ ਸੀਮਤ ਹੋ ਜਾਣਗੇ| ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਛੋਟਾ ਪਰਿਵਾਰ ਹੀ ਸੁੱਖੀ ਪਰਿਵਾਰ ਹੈ| ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਆਬਾਦੀ ਦਾ ਏਨਾ ਭਾਰ ਵਾਰਾ ਨਹੀਂ ਖਾ ਸਕਦਾ| ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕੇ ਅਪਣਾਉਂਦਿਆਂ ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਵਿੱਚ ਅਪਣਾ ਯੋਗਦਾਨ ਪਾਈਏ| ਔਰਤ ਰੋਗਾਂ ਦੇ ਮਾਹਰ ਡਾ. ਭਾਰਦਵਾਜ ਨੇ ਸਮਾਗਮ ਵਿੱਚ ਮੌਜੂਦ ਔਰਤਾਂ ਨੂੰ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਹੱਲਾਸ਼ੇਰੀ ਦਿੰਦਿਆਂ ਵਿੱਤੀ ਮਦਦ ਵੀ ਦਿਤੀ ਜਾਂਦੀ ਹੈ|
ਔਰਤ ਰੋਗਾਂ ਦੇ ਮਾਹਰ ਡਾ. ਵਿਨੀਤ ਨਾਗਪਾਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਪਹਿਲਾ ਬੱਚਾ ਵਿਆਹ ਤੋਂ ਦੋ ਸਾਲ ਮਗਰੋਂ ਅਤੇ ਦੂਜਾ ਬੱਚਾ ਵਿਆਹ ਤੋਂ ਤਿੰਨ ਸਾਲ ਮਗਰੋਂ ਹੋਣਾ ਬਿਹਤਰ ਹੈ| ਉਨ੍ਹਾਂ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਨਲਬੰਦੀ ਅਤੇ ਨਸਬੰਦੀ ਬਾਰੇ ਆਮ ਤੌਰ ਤੇ ਗ਼ਲਤਫ਼ਹਿਮੀਆਂ ਪਾਈਆਂ ਜਾਂਦੀਆਂ ਹਨ ਪਰ ਡਾਕਟਰੀ ਵਿਗਿਆਨ ਨੇ ਇਨ੍ਹਾਂ ਨੂੰ ਬੇਹੱਦ ਸੁਰੱਖਿਅਤ ਸਾਬਤ ਕੀਤਾ ਹੋਇਆ ਹੈ| ਇਸ ਮੌਕੇ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਦੇ ਪੈਂਫ਼ਲੰਟ ਵੀ ਵੰਡੇ ਗਏ ਅਤੇ ਸਟਾਲ ਵੀ ਲਗਾਏ ਗਏ| ਸਮਾਗਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਐਸਐਮਓ ਡਾ. ਮਨਜੀਤ ਸਿੰਘ, ਔਰਤ ਰੋਗਾਂ ਦੇ ਮਾਹਰ ਡਾ. ਤਮੰਨਾ, ਗੁਰਦੀਪ ਕੌਰ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *