ਪਰਿਵਾਰ ਸਮੇਤ ਸਿਡਨੀ ਪੁੱਜੇ ਅਮਰੀਕੀ ਉੱਪ ਰਾਸ਼ਟਰਪਤੀ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਸਿਡਨੀ, 22 ਅਪ੍ਰੈਲ (ਸ.ਬ.) ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਅੱਜ ਸਵੇਰੇ ਆਪਣੇ ਦੋ ਦਿਨਾਂ ਦੇ ਦੌਰ ਤੇ ਆਸਟ੍ਰੇਲੀਆ ਪੁੱਜੇ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ| ਮਾਈਕ ਨਾਲ ਉਨ੍ਹਾਂ ਦੀ ਪਤਨੀ ਅਤੇ ਧੀਆਂ ਸਵੇਰੇ ਤਕਰੀਬਨ 9 ਵਜੇ ਕਿਰੀਬਿਲੀ ਹਾਊਸ ਪੁਹੰਚੇ| ਇੱਥੇ ਜਿਕਰਯੋਗ ਹੈ ਕਿ ਕਿਰੀਬਿਲੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਦੂਜੀ ਸਰਕਾਰੀ ਰਿਹਾਇਸ਼ ਹੈ| ਟਰਨਬੁੱਲ ਨੇ ਮਾਈਕ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨਾਲ ਸਵੇਰ ਦੀ ਚਾਹ ਪੀਤੀ| ਇਸ ਦੌਰਾਨ ਦੋਹਾਂ ਨੇਤਾਵਾਂ ਵਿੱਚ ਕੁਝ ਗੱਲਬਾਤਾਂ ਵੀ ਹੋਈਆਂ| ਮਾਈਕ ਪੇਸ ਨੇ ਅਮਰੀਕਾ ਅਤੇ    ਆਸਟ੍ਰੇਲੀਆ ਦਰਮਿਆਨ ਮਜ਼ਬੂਤ ਰਿਸ਼ਤਿਆਂ ਨੂੰ ਲੈ ਕੇ ਭਰੋਸਾ ਦਿਵਾਇਆ|
ਇਸ ਤੋਂ ਇਲਾਵੇ ਦੋਹਾਂ ਨੇਤਾਵਾਂ ਵਿਚਾਲੇ ਦੋ-ਪੱਖੀ ਗੱਲਬਾਤ ਹੋਈ|  ਪੇਂਸ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਰੁੱਖਿਆ ਲਈ ਸਖਤ ਇੰਤਜ਼ਾਮ ਕੀਤੇ ਗਏ ਸਨ| ਸਿਡਨੀ ਦੇ ਹਾਰਬਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਿਰੀਬਿਲੀ ਹਾਊਸ ਨੇੜੇ ਸੁਰੱਖਿਆ ਫੋਰਸ ਤਾਇਨਾਤ ਸੀ| ਇਹ ਚਰਚਾ ਦੋਹਾਂ ਨੇਤਾਵਾਂ ਨੇ ਸਿਡਨੀ ਦੇ ਐਡਮਿਰਿਟੀ ਹਾਊਸ ਵਿੱਚ ਕੀਤੀ, ਜਿੱਥੇ ਆਸਟ੍ਰੇਲੀਆ ਦੇ ਗਵਰਨਰ ਜਨਰਲ ਨੇ ਉਨ੍ਹਾਂ ਦਾ ਸੁਆਗਤ ਕੀਤਾ| ਐਡਮਿਰਿਟੀ ਹਾਊਸ ਆਸਟ੍ਰੇਲੀਆ ਵਿੱਚ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਹੈ| ਐਡਮਿਰਿਟੀ ਹਾਊਸ ਵਿੱਚ ਪੇਂਸ ਨੇ ਟਰਨਬੁੱਲ ਅਤੇ ਹੋਰ ਆਸਟ੍ਰੇਲੀਆਈ ਨੇਤਾਵਾਂ ਨਾਲ ਮੁਲਾਕਾਤ ਕੀਤੀ|
ਚਰਚਾ ਦੌਰਾਨ ਮਾਈਕ ਪੇਂਸ ਨੇ ਕਿਹਾ ਕਿ ਉਹ ਆਸਟ੍ਰੇਲੀਆ ਨੂੰ ਫਿਰ ਤੋਂ ਭਰੋਸਾ ਦੇਣਾ ਚਾਹੁੰਦੇ ਹਨ ਕਿ ਅਮਰੀਕਾ ਲੰਬੇ ਸਮੇਂ ਦੇ ਸਹਿਯੋਗੀ ਪ੍ਰਤੀ ਵਚਨਬੱਧ ਹੈ| ਇਹ ਗੱਲ ਉਨ੍ਹਾਂ ਨੇ ਸ਼ਰਨਾਰਥੀਆਂ ਦੇ ਮੁੜਵਸੇਬੇ ਸਮਝੌਤੇ ਨੂੰ ਲੈ ਕੇ ਆਸਟ੍ਰੇਲੀਆਈ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵਿਵਾਦ ਤੋਂ ਬਾਅਦ ਰਿਸ਼ਤਿਆਂ ਵਿੱਚ ਆਈ ਖਟਾਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ| ਪੇਂਸ ਨੇ ਮੀਟਿੰਗ ਤੋਂ ਪਹਿਲਾਂ ਟਰਨਬੁੱਲ ਅਤੇ ਹੋਰ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਅਮਰੀਕੀ ਰਾਸ਼ਟਰਪਤੀ ਵਲੋਂ ਸ਼ੁੱਭਕਾਮਨਾਵਾਂ ਲਿਆਇਆ ਹਾਂ| ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੈਂ ਤੁਹਾਡੇ ਲਈ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਨੂੰ ਜ਼ਾਹਰ ਕਰਾਂ| ਮਾਈਕ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਸਨ ਕਿ ਮੈਂ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਮਜ਼ਬੂਤ ਅਤੇ ਇਤਿਹਾਸਕ ਸੰਬੰਧਾਂ ਲਈ ਫਿਰ ਤੋਂ ਭਰੋਸਾ ਜ਼ਾਹਰ ਕਰਾਂ|

Leave a Reply

Your email address will not be published. Required fields are marked *