ਪਲਾਟਾਂ ਤੋਂ ਲੈ ਕੇ ਰੇਤਾ, ਬਜਰੀ, ਸੀਮਿੰਟ, ਇੱਟਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਆਮ ਲੋਕਾਂ ਲਈ ਮੁਸ਼ਕਿਲ ਹੋ ਗਿਆ ਹੈ ਆਪਣਾ ਘਰ ਬਣਾਉਣਾ


ਐਸ ਏ ਐਸ ਨਗਰ, 15 ਦਸੰਬਰ (ਸ.ਬ.) ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਦਾ ਇਹ ਸੁਫਨਾ ਹੁੰਦਾ ਹੈ ਕਿ ਉਹ ਮੁਹਾਲੀ ਸ਼ਹਿਰ ਵਿੱਚ ਆਪਣਾ ਇੱਕ ਘਰ ਬਣਾਉਣ ਅਤੇ ਮੁਹਾਲੀ ਵਿੱਚ ਆ ਕੇ ਵਸਣਾ ਉਹਨਾਂ ਦੀ ਪਹਿਲੀ ਪਸੰਦ ਹੈ| ਇਸੇ ਤਰ੍ਹਾਂ ਨੌਕਰੀਪੇਸ਼ਾ ਪੰਜਾਬੀ ਰਿਟਾਇਰਮਂੈਟ ਤੋਂ ਬਾਅਦ ਮੁਹਾਲੀ ਵਿੱਚ ਘਰ ਬਣਾਉਣ ਨੂੰ ਤਰਜੀਹ ਦਿੰਦੇ ਹਨ| 
ਇਸ ਤੋਂ ਇਲਾਵਾ ਆਮ ਮੱਧ ਵਰਗ ਨਾਲ ਸਬੰਧਿਤ ਬਹੁਤ ਲੋਕ ਅਜਿਹੇ ਹਨ ਜੋ ਸ਼ਹਿਰ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਕਰਨ  ਦੇ ਨਾਲ ਨਾਲ ਮੁਹਾਲੀ ਸ਼ਹਿਰ ਵਿੱਚ ਆਪਣਾ ਘਰ ਬਣਾਉਣ ਲਈ ਯਤਨਨਸ਼ੀਲ ਹਨ, ਪਰੰਤੂ ਪਿਛਲੇ          ਸਮੇਂ ਦੌਰਾਨ ਜਿਸ ਤਰੀਕੇ ਨਾਲ ਮੁਹਾਲੀ ਵਿੱਚ ਪਲਾਟਾਂ, ਫਲੈਟਾਂ, ਕੋਠੀਆਂ ਦੇ ਰੇਟ ਬਹੁਤ ਜਿਆਦਾ ਵਧੇ ਹਨ, ਉਸਦੇ ਕਾਰਨ ਆਮ  ਲੋਕਾਂ ਲਈ ਮੁਹਾਲੀ ਵਿੱਚ ਆਪਣਾ ਘਰ ਬਣਾਉਣਾ ਹੁਣ ਇੱਕ ਸੁਪਨਾ ਬਣਦਾ ਜਾ ਰਿਹਾ ਹੈ|
ਜੇ ਕਿਸੇ ਨੇ ਖਾਲੀ ਪਲਾਟ ਵੀ ਲੈਣਾ ਹੋਵੇ ਤਾਂ ਛੋਟੇ ਤੋਂ ਛੋਟੇ ਪਲਾਟ ਦੀ ਕੀਮਤ ਵੀ 50 ਲੱਖ ਤੋਂ ਉਪਰ ਪਹੁੰਚ ਚੁੱਕੀ ਹੈ, ਜੋ ਕਿ ਆਮ ਮੱਧਮਵਰਗੀ ਵਿਅਕਤੀ ਦੀ ਪਹੁੰਚ ਤੋਂ ਕਾਫੀ  ਦੂਰ  ਹੈ| ਫਿਰ ਪਲਾਟ ਲੈਣ ਤੋਂ ਬਾਅਦ ਉਸ ਉਪਰ ਇਮਾਰਤ ਉਸਾਰਨ ਦਾ ਖਰਚਾ ਵੱਖਰਾ ਹੁੰਦਾ ਹੈ, ਜੋ ਕਿ ਅਕਸਰ ਪਲਾਟ ਦੀ ਕੀਮਤ ਦੇ ਬਰਾਬਰ ਹੀ ਹੋ ਜਾਂਦਾ ਹੈ| 
ਮੁਹਾਲੀ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਰੇਤਾ, ਬਜਰੀ, ਸੀਮਿੰਟ, ਸਰੀਆ, ਇੱਟਾਂ , ਸੰਗਮਰਮਰ, ਲੇਬਰ ਦੇ ਰੇਟ ਇੰਨੇ ਜਿਆਦਾ ਵੱਧ ਚੁੱਕੇ ਹਨ ਕਿ ਆਮ ਲੋਕ ਇਹਨਾਂ ਨੂੰਖਰੀਦ ਕੇ ਆਪਣਾ ਘਰ ਬਣਾਉਣ ਤੋਂ ਵਾਂਝੇ ਹੁੰਦੇ ਜਾ ਰਹੇ ਹਨ| ਮੁਹਾਲੀ ਵਿੱਚ ਪੰਜਾਬ ਦੇ ਹੋਰਨਾਂ ਇਲਾਕਿਆਂ ਨਾਲੋਂੌ ਪਲਾਟਾਂ, ਕੋਠੀਆਂ  ਅਤੇ ਫਲੈਟਾਂ ਦੀ ਕੀਮਤ ਵੀ ਕਾਫੀ ਜਿਆਦਾ ਹਨ, ਜਿਸ ਕਰਕੇ ਮੁਹਾਲੀ ਵਿੱਚ ਆਪਣਾ ਘਰ ਬਣਾਉਣਾ ਹੁਣ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ| 
ਕੋਰੋਨਾ ਦੀ ਮਹਾਮਾਰੀ ਕਾਰਨ ਛਾਈ ਆਰਥਿਕ ਮੰਦੀ ਕਾਰਨ ਭਾਵੇਂ ਮੁਹਾਲੀ ਵਿੱਚ ਪਲਾਟਾਂ ਅਤੇ ਜਾਇਦਾਦ ਦੀ ਖਰੀਦ ਵੇਚ ਦੇ ਕੰਮ ਵਿੱਚ ਮੰਦੀ ਆਈ ਹੋਈ ਹੈ, ਫਿਰ ਵੀ ਮੁਹਾਲੀ ਸ਼ਹਿਰ ਵਿੱਚ ਪਲਾਟਾਂ ਅਤੇ ਕੋਠੀਆਂ, ਫਲੈਟਾਂ ਦੀਆਂ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ ਅਤੇ ਜਾਇਦਾਦ ਦੀ ਇਹ ਭਾਰੀ ਕੀਮਤ ਲੋਕਾਂ ਦੇ ਆਪਣਾ ਘਰ  ਬਣਾਉਣ ਦਾ ਸੁਪਨਾ ਪੂਰਾ ਹੁੰਦਾ ਨਹੀਂ ਦਿਖ ਰਿਹਾ ਅਤੇ ਮਜਬੂਰੀ ਵਿੱਚ ਲੋਕ ਨਾਲ ਲੱਗਦੇ ਖੇਤਰਾਂ ਵੱਲ ਜਾਣ ਲਈ ਮਜਬੂਰ ਹਨ| 
ਮੁਹਾਲੀ ਸ਼ਹਿਰ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਇਸ ਵੇਲੇ ਸਾਰੇ ਪਾਸੇ ਹੀ ਪਿੰਡਾਂ ਦੀਆਂ ਜਮੀਨਾਂ ਤੇ ਕਈ ਜ਼ਾਇਜ-ਨਾਜ਼ਾਇਜ ਕਾਲੋਨੀਆਂ ਹੋਂਦ ਵਿੱਚ ਆ ਚੁੱਕੀਆਂ ਹਨ, ਜਿਥੇ ਮੁਹਾਲੀ ਸ਼ਹਿਰ ਦੇ ਮੁਕਾਬਲੇ ਸਸਤੀ ਕੀਮਤ ਤੇ ਪਲਾਟ ਅਤੇ ਮਕਾਨ ਮਿਲ ਜਾਂਦੇ ਹਨ, ਪਰ ਆਮ ਲੋਕ ਇਹਨਾਂ ਕਾਲੋਨੀਆਂ ਵਿੱਚ ਮਕਾਨ  ਲੈਣ ਤੋਂ ਝਿਜਕਦੇ ਹਨ| ਇਹਨਾਂ ਕਾਲੋਨੀਆਂ ਵਿੱਚ ਕਈ ਤਰ੍ਹਾਂ ਦੀ ਠੱਗੀ ਦੇ ਮਾਮਲੇ ਵੀ ਸਾਮ੍ਹਣੇ ਆਉਂਦੇ ਹਨ| ਬਿਲਡਰਾਂ ਅਤੇ ਕਾਲੋਨਾਈਜਰਾਂ ਵਲੋਂ ਅਕਸਰ ਆਪਣੀਆਂ ਕਾਲੋਨੀਆਂ ਨੂੰ ਗਮਾਡਾ ਤੋਂ ਮਨਜੂਰ ਸ਼ੁਦਾ ਕਹਿ ਕੇ ਆਮ ਲੋਕਾਂ ਨੂੰ ਪਲਾਟ ਜਾਂ ਫਲੈਟ ਵੇਚ ਦਿਤੇ ਜਾਂਦੇ ਹਨ ਪਰੰਤੂ ਖਰੀਦਦਾਰਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਸ ਕਾਲੋਨੀ ਵਿੱਚ ਆਪਣਾ ਮਕਾਨ ਬਣਾਉਣ ਲਈ ਉਹਨਾਂ ਨੇ ਆਪਣੀ ਜਿੰਦਗੀ ਭਰ ਦੀ ਪੂੰਜੀ ਲਗਾ ਦਿੱਤੀ ਉਹ ਅਣਅਧਿਕਾਰਤ ਹੈ ਅਤੇ ਅਜਿਹੀਆਂ ਕਈ ਕਾਲੋਨੀਆਂ ਵਿਚਲੀਆਂ ਉਸਾਰੀਆਂ ਨੂੰ ਗਮਾਡਾ ਦੇ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਢਾਹ ਵੀ ਦਿੱਤਾ ਜਾਂਦਾ ਹੈ| 
ਕੁਲ ਮਿਲ ਕੇ ਇਹ ਕਿਹਾ ਜਾ ਸਕਦਾ ਹੈ ਪਲਾਟਾਂ ਅਤੇ ਮਕਾਨਾਂ ਦੇ ਨਾਲ ਨਾਲ ਉਸਾਰੀ ਦੇ ਸਾਮਾਨ ਦੀ ਭਾਰੀ ਕੀਮਤ ਨੇ ਆਪਣਾ ਘਰ ਬਣਾਉਣ ਵਾਲਿਆਂ ਦਾ ਰਾਹ ਰੋਕ ਦਿੱਤਾ ਹੈ ਅਤੇ ਲੋਕਾਂ ਦਾ ਆਪਣਾਂ ਘਰ ਬਣਾਉਣ ਦਾ ਸੁਫਨਾ ਵਿਚਾਲੇ ਹੀ ਲਮਕ ਗਿਆ ਹੈ|

Leave a Reply

Your email address will not be published. Required fields are marked *