ਪਲਾਸਟਿਕ ਦੀ ਲਗਾਤਾਰ ਵੱਧਦੀ ਸਮੱਸਿਆ ਤੋਂ ਕਿਵੇਂ ਮਿਲੇ ਛੁਟਕਾਰਾ

ਪਲਾਸਟਿਕ ਦਾ ਸਮਾਨ ਅਤੇ ਇਸ ਦਾ ਕਚਰਾ ਇਸ ਵੇਲੇ ਦੁਨੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਸਾਡੀ ਰੋਜਾਨਾਂ ਜਿੰਦਗੀ ਵਿੱਚ ਪਲਾਸਟਿਕ ਦੀ ਬਹੁਤ ਵੱਡੇ ਪੱਧਰ ਉਪਰ ਘੁਸਪੈਠ ਹੋ ਚੁੱਕੀ ਹੈ| ਸਾਡੀਆਂ ਜਰੂਰਤਾਂ ਹੀ ਇੰਨੀਆਂ ਵੱਧ ਗਈਆਂ ਹਨ ਕਿ ਕੁੱਝ ਚੀਜ਼ਾਂ ਨੂੰ ਅਸੀਂ ਚਾਹ ਕੇ ਵੀ ਆਪਣੀ ਜ਼ਿੰਦਗੀ ਤੋਂ ਦੂਰ ਨਹੀਂ ਕਰ ਸਕਦੇ ਜਿਹਨਾਂ ਵਿੱਚ ਪਲਾਸਟਿਕ ਵੀ ਸ਼ਾਮਲ ਹੈ| ਪਲਾਸਟਿਕ ਨੂੰ ਸਾਡੇ ਆਧੁਨਿਕ ਕਹੇ ਜਾਂਦੇ ਇਸ ਵਿਲਾਸਮਈ ਜੀਵਨ ਦਾ ਸਭ ਤੋਂ ਵੱਡਾ ਖਲਨਾਇਕ ਵੀ ਕਿਹਾ ਜਾ ਸਕਦਾ ਹੈ| ਇਸ ਨਾਲ ਸਭ ਤੋਂ ਵੱਡੇਪੱਧਰ ਉਪਰ ਪ੍ਰਦੂਸ਼ਨ ਫੈਲਦਾ ਹੈ| ਮਨੁੱਖ ਵਲੋਂ ਬਣਾਈ ਗਈ ਇਹ ਇੱਕ ਅਜਿਹੀ ਵਸਤੂ ਹੈ ਜੋ ਕਦੇ ਖਤਮ ਨਹੀਂ ਹੁੰਦੀ| ਦੁਨੀਆਂ ਵਿੱਚ ਪਲਾਸਟਿਕ ਦੀ ਹੋਂਦ ਤੋਂ ਪਹਿਲਾਂ ਮਨੁੱਖ ਜਿੰਨੀਆਂ ਵੀ ਚੀਜਾਂ ਵਰਤਦਾ ਸੀ ਉਹ ਸਭ ਚੀਜਾਂ ਅਜਿਹੀਆਂ ਸਨ ਜੋ ਕਿ ਕੁਝ ਸਮੇਂ ਬਾਅਦ ਨਸ਼ਟ ਹੋ ਜਾਂਦੀਆਂ ਸਨ ਅਤੇ ਉਹਨਾਂ ਦੀ ਰਹਿੰਦ ਖੂੰਹਦ ਵੀ ਕੁਦਰਤ ਵਿੱਚ ਮਿਲ ਜਾਂਦੀ ਸੀ| ਇਹ ਤਮਾਮ ਚੀਜਾਂ ਕੁਦਰਤੀ ਤੱਤਾਂ ਨਾਲ ਬਣੀਆਂ ਹੁੰਦੀਆਂ ਸਨ ਅਤੇ ਇਨਾਂ ਚੀਜਾਂ ਦੀ ਵਰਤੋਂ ਕਰਨ ਨਾਲ ਵਾਤਾਵਰਨ ਉਪਰ ਕੋਈ ਬੁਰਾ ਅਸਰ ਵੀ ਨਹੀਂ ਹੁੰਦਾ ਸੀ|
ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਪਲਾਸਟਿਕ ਸਿਰਫ ਨੁਕਸਾਨਦਾਇਕ ਹੀ ਨਹੀਂ ਹੈ| ਇਸਦੇ ਲਾਭ ਵੀ ਬਹੁਤ ਹਨ ਜਦੋਂ ਤੋਂ ਪਲਾਸਟਿਕ ਹੋਂਦ ਵਿੱਚ ਆਇਆ ਹੈ ਤਾਂ ਇਸ ਨੇ ਲੋਹੇ ਅਤੇ ਹੋਰ ਧਾਤੂਆਂ ਦੀਆਂ ਬਾਲਟੀਆਂ, ਭਾਂਡਿਆਂ, ਡੱਬਿਆਂ ਨੂੰ ਦਹਾਕਿਆਂ ਪਹਿਲਾਂ ਹੀ ਵਰਤੋਂ ਤੋਂ ਬਾਹਰ ਕਰ ਦਿੱਤਾ ਹੈ| ਪਲਾਸਟਿਕ ਪੈਕਿੰਗ ਕਰਨ ਲਈ ਵੀ ਬਹੁਤ ਹੀ ਲਾਹੇਵੰਦ ਹੈ ਅਤੇ ਪੈਂਕਿੰਗ ਦੇ ਕੰਮ ਵਿੱਚ ਇਸਦੀ ਵੱਡੇ ਪੱਧਰ ਤੇ ਵਰਤੋਂ ਹੁੰਦੀ ਹੈ| ਪਲਾਸਟਿਕ ਦੀ ਪੈਕਿੰਗ ਨਾਲ ਹੋਰਨਾਂ ਚੀਜਾਂ ਦੀ ਉਮਰ ਅਤੇ ਮਿਆਦ ਵਿੱਚ ਕਾਫੀ ਵਾਧਾ ਹੋਇਆ ਹੈ| ਇਸ ਦੇ ਨਾਲ ਹੀ ਪਲਾਸਟਿਕ ਦੇ ਥੈਲਿਆਂ ਅਤੇ ਡੱਬਿਆਂ ਨਾਲ ਅਨੇਕਾਂ ਪਦਾਰਥਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣਾ ਬਹੁਤ ਹੀ ਆਸਾਨ ਹੋ ਗਿਆ ਹੈ| ਪਲਾਸਟਿਕ ਦੀ ਅੱਧੇ ਗ੍ਰਾਮ ਦੀ ਥੈਲੀ ਵਿੱਚ ਆਰਾਮ ਨਾਲ ਪੰਜ ਕਿਲੋ ਸਮਾਨ ਲਿਜਾਇਆ ਜਾ ਸਕਦਾ ਹੈ ਅਤੇ ਇਹ ਥੈਲੀ ਮਨੁੱਖ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ|
ਜਦੋਂ ਪਲਾਸਟਿਕ ਦਾ ਜਨਮ ਹੋਇਆ ਤਾਂ ਸਾਰੀ ਦੁਨੀਆਂ ਨੇ ਇਸ ਨਾਲ ਮਿਲਦੀ ਸਹੂਲੀਅਤ ਅਤੇ ਫਾਇਦਿਆਂ ਨੂੰ ਵੇਖ ਕੇ ਇਸ ਨੂੰ ਜਿਵੇਂ ਹੱਥਾਂ ਉਪਰ ਚੁੱਕ ਲਿਆ ਅਤੇ ਹਰ ਛੋਟ ਵੱਡੇ ਕੰਮ ਵਿੱਚ ਇਸਦੀ ਵਰਤੋਂ ਹੋਣ ਲੱਗ ਗਈ| ਇਸਦੀ ਹਕੀਕਤ ਦਾ ਬਹੁਤ ਦੇਰ ਬਾਅਦ ਪਤਾ ਚਲਿਆ ਕਿ ਪਲਾਸਟਿਕ ਨੂੰ ਖਤਮ ਨਹੀਂ ਕੀਤਾ ਜਾ ਸਕਦਾ| ਇਹ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੋਈ ਕੀੜਾ ਤੇ ਜੀਵ ਜੰਤੂ ਵੀ ਨਹੀਂ ਖਾਂਦਾ ਅਤੇ ਨਾ ਹੀ ਕੋਈ ਜੀਵਾਣੂ ਇਸ ਨੂੰ ਖਤਮ ਕਰ ਪਾਉਂਦਾ ਹੈ| ਪਲਾਸਟਿਕ ਮੂਲ ਰੂਪ ਵਿੱਚ ਪੈਟਰੋਲੀਅਮ ਪਦਾਰਥਾਂ ਤੋਂ ਹੀ ਬਣਦਾ ਹੈ ਅਤੇ ਉਸਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿੱਚ ਆਕਸੀਜਨ ਬਿਲਕੁਲ ਨਹੀਂ ਹੁੰਦੀ| ਇਸ ਲਈ ਇਹ ਜੀਵਾਣੂਆਂ ਦੇ ਲਈ ਬੇਮਤਲਬ ਹੋ ਜਾਂਦੀ ਹੈ| ਪਲਾਸਟਿਕ ਨੂੰ ਜਲਾ ਕੇ ਖਤਮ ਕਰਨਾ ਹੋਰ ਵੀ ਜਿਆਦਾ ਖਤਰਨਾਕ ਹੈ| ਇਸ ਨੂੰ ਅੱਗ ਲਾਉਣ ਨਾਲ ਇਸ ਵਿਚੋਂ ਬਹੁਤ ਖਤਰਨਾਕ ਗੈਸਾਂ ਨਿਕਲਦੀਆਂ ਹਨ ਜੋ ਕਿ ਸਾਡੇ ਵਾਤਾਵਰਨ ਵਿੱਚ ਫੈਲ ਜਾਂਦੀਆਂ ਹਨ| ਇਹ ਗੈਸਾਂ ਮਨੁੱਖੀ ਸਿਹਤ ਲਈ ਬਹੁਤ ਬੁਰੀਆਂ ਹੁੰਦੀਆਂ ਹਨ| ਪਲਾਸਟਿਕ ਨਾਲ ਕਈ ਤਰ੍ਹਾਂ ਦਾ ਕੈਂਸਰ ਵੀ ਹੋ ਜਾਂਦਾ ਹੈ| ਆਮ ਤੌਰ ਤੇ ਲੋਕ ਖਾਣ ਪੀਣ ਦਾ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿੱਚ ਲੈ ਕੇ ਆਉਂਦੇ ਹਨ, ਜਿਸ ਕਾਰਨ ਗਰਮ ਖਾਣ ਪੀਣ ਦੇ ਸਮਾਨ ਵਿੱਚ ਪਲਾਸਟਿਕ ਵੀ ਪਿਘਲ ਕੇ ਰਲ ਮਿਲ ਜਾਂਦਾ ਹੈ ਜੋ ਕਿ ਕੈਂਸਰ ਦਾ ਕਾਰਨ ਬਣ ਜਾਂਦਾ ਹੈ|
ਇਸਦੇ ਹਲ ਲਈ ਜਰੂਰੀ ਹੈ ਕਿ ਹਰਬਲ ਪਲਾਸਿਟਕ ਦੀ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਬਨਸਪਤੀ ਤੋਂ ਹੀ ਅਜਿਹੀ ਪਲਾਸਟਿਕ ਬਣਾਈ ਜਾ ਸਕੇ ਜੋ ਕਿ ਮੌਜੂਦਾ ਪਲਾਸਟਿਕ ਜਿੰਨੀ ਲਚੀਲੀ ਤੇ ਲਾਭਦਾਇਕ ਹੋਵੇ ਪਰ ਉਹ ਬਨਸਪਤੀ ਤੋਂ ਬਣਨ ਕਰਕੇ ਮਨੁੱਖ ਅਤੇ ਵਾਤਾਵਰਨ ਪੱਖੀ ਹੋਵੇ ਅਤੇ ਉਸਦਾ ਵਾਤਾਵਰਨ ਦੇ ਨਾਲ ਹੀ ਮਨੁੱਖੀ ਸਿਹਤ ਨੂੰ ਵੀ ਕੋਈ ਨੁਕਸਾਨ ਨਾ ਹੋਵੇ| ਇਸ ਤਰ੍ਹਾਂ ਦੀ ਹਰਬਲ ਪਲਾਸਟਿਕ ਦੀ ਖੋਜ ਕਰਨ ਵਿੱਚ ਜੇ ਦੁਨੀਆਂ ਭਰ ਦੇ ਵਿਗਿਆਨੀ ਸਫਲ ਹੋ ਗਏ ਤਾਂ ਗੰਭੀਰ ਸਮੱਸਿਆ ਬਣੀ ਮੌਜੂਦਾ ਪਲਾਸਟਿਕ ਦਾ ਵਜੂਦ ਆਪਣੇ ਆਪ ਖਤਮ ਹੋ ਜਾਵੇਗਾ|

Leave a Reply

Your email address will not be published. Required fields are marked *