ਪਲਾਸਟਿਕ ਦੀ ਵਰਤੋਂ ਨਾ ਕਰਨ ਨਾਲ ਲੱਗੇਗੀ ਵਾਤਾਵਰਣ ਵਿੱਚ ਵੱਧਦੇ ਪ੍ਰਦੂਸ਼ਣ ਤੇ ਰੋਕ: ਸੰਦੀਪ ਹੰਸ

ਐਸ.ਏ.ਐਸ.ਨਗਰ, 23 ਜੂਨ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਦਯੋਗਿਕ ਖੇਤਰ ਫੇਜ਼-7 ਸਥਿਤ ਗਿਲਾਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਟਡ ਵਿਖੇ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ| ਜਿਸ ਵਿੱਚ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਹੰਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ| ਉਨ੍ਹਾਂ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਕਾਰਣ ਜਿੱਥੇ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀਆਂ ਵਰਤੋਂ ਨਾਲ ਗੰਦਗੀ ਵੀ ਫੈਲਦੀ ਹੈ| ਉਨ੍ਹਾਂ ਕਿਹਾ ਕਿ ਸਾਨੂੰ ਵੱਖ ਵੱਖ ਸਮਾਗਮਾਂ ਵਿਆਹ ਸ਼ਾਦੀਆਂ ਮੌਕੇ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ, ਗਿਲਾਸ ਅਤੇ ਪਲੇਟਾਂ ਆਦਿ ਵਰਤਣੀਆਂ ਨਹੀਂ ਚਾਹੀਦੀਆਂ ਜਿਸ ਕਾਰਣ ਸਿਹਤ ਵੀ ਮਾੜਾ ਅਸਰ ਪੈਂਦਾ ਹੈ|
ਸ੍ਰੀ ਸੰਦੀਪ ਹਾਂਸ ਨੇ ਗਿਲਾਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਡ ਦੇ ਪ੍ਰਬੰਧਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਡਸਟਰੀ ਦੇ ਹੋਰ ਯੂਨਿਟਾਂ ਵਿਚ ਵੀ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਜੋ ਯੂਨਿਟਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪਲਾਸਟਿਕ ਦੀ ਵਰਤੋਂ ਕਰਨ ਨਾਲ ਵਾਤਾਵਰਣ ਅਤੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਹੋ ਸਕੇ| ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਭਵਨ ਵਿਖੇ ਹੋਣ ਵਾਲੀਆਂ ਮੀਟਿੰਗਾਂ ਕਾਨਫਰੰਸਾਂ ਅਤੇ ਸਮਾਗਮਾਂ ਵੇਲੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੇ ਪਾਬੰਦੀ ਲਗਾਈ ਗਈ ਹੈ ਅਤੇ ਵਾਤਾਵਰਣ ਪ੍ਰਦੂਸ਼ਤ ਹੋਣ ਤੋਂ ਰੋਕਣ ਲਈ ਵੱਖ ਵੱਖ ਉਦਯੋਗਿਕ ਇਕਾਈਆ ਵਿੱਚ ਵੀ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਫੈਕਟਰੀਆਂ ਵਿੱਚ ਖਾਲੀ ਪਈਆਂ ਢੁਕਵੀਆਂ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਵੀ ਲਗਾਉਣੇ ਚਾਹੀਦੇ ਹਨ ਜਿਹੜੇ ਕਿ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਵਿਚ ਬੇਹੱਦ ਸਹਾਈ ਹੁੰਦੇ ਹਨ| ਉਨ੍ਹਾਂ ਦੱਸਿਆ ਕਿ ਨਗਰ ਨਿਗਮ ਇਸ ਸੀਜ਼ਨ ਦੌਰਾਨ ਸ਼ਹਿਰ ਵਿੱਚ ਖਾਲੀ ਪਈਆਂ ਸਰਕਾਰੀ ਥਾਵਾਂ, ਸਕੂਲਾਂ ਅਤੇ ਕਾਲਜਾਂ ਤੋਂ ਇਲਾਵਾ ਸੜਕਾਂ ਦੇ ਕਿਨਾਰਿਆਂ ਤੇ ਵੱਧ ਤੋਂ ਵੱਧ ਪੌਦੇ ਲਗਵਾਏਗਾ ਤਾਂ ਜੋ ਸ਼ਹਿਰ ਨੂੰ ਹੋਰ ਹਰਿਆ ਭਰਿਆ ਬਣਾਇਆ ਜਾ ਸਕੇ|

Leave a Reply

Your email address will not be published. Required fields are marked *