ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਸ਼ਰੇਆਮ ਵਿਕਦੇ ਹਨ ਪਲਾਸਟਿਕ ਦੇ ਲਿਫਾਫੇ

ਐਸ.ਏ.ਐਸ.ਨਗਰ, 15 ਜੁਲਾਈ (ਪਵਨ ਰਾਵਤ) ਪੰਜਾਬ ਵਿੱਚ ਪਲਾਸਟਿਕ ਅਤੇ ਥਰਮੋਕੋਲ ਤੇ ਮੁਕੰਮਲ ਪਾਬੰਦੀ ਹੋਣ ਦੇ ਬਾਵਜੂਦ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੀਆਂ  ਦੁਕਾਨਾਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਿਕਰੀ ਕੀਤੀ ਜਾ ਰਹੀ ਹੈ| ਇਸ ਸੰਬਧੀ ਸੁਰੇਸ਼ ਕੁਮਾਰ, ਪ੍ਰਿਤਪਾਲ ਸਿੰਘ, ਰਾਹੁਲ, ਪ੍ਰੀਤਮ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਮਟੌਰ, ਬਲੌਂਗੀ ਅਤੇ ਮੁਹਾਲੀ ਪਿੰਡ ਵਿੱਚ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅਤੇ ਨਾਲ ਬਣਾਏ ਹੋਏ ਗੁਦਾਮਾਂ ਵਿੱਚ ਰੱਖ ਕੇ ਲਿਫਾਫਿਆਂ ਦੀ ਵਿਕਰੀ ਕੀਤੀ ਜਾਂਦੀ ਹੈ|
ਉਹਨਾਂ ਕਿਹਾ ਕਿ ਇਨ੍ਹਾਂ ਦੁਕਾਨਦਾਰਾਂ ਵਲੋਂ ਇਸ ਕਾਰਵਾਈ ਨਾਲ ਜਿੱਥੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਨੂੰ ਵੀ ਢਾਹ ਲਗਾਈ ਜਾ ਰਹੀ ਹੈ| ਇਸ ਸੰਬੰਧੀ ਭਾਵੇਂ ਨਗਰ ਨਿਗਮ ਮੁਹਾਲੀ ਵੱਲੋਂ ਸਮੇਂ-ਸਮੇਂ ਤੇ ਪਲਾਸਟਿਕ ਲਿਫਾਫੇ ਵੇਚਣ ਵਾਲਿਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਪਲਾਸਟਿਕ ਦੇ ਬਣੇ ਹੋਏ ਲਿਫਾਫੇ ਸ਼ਰੇਆਮ ਵੇਚੇ ਜਾਂਦੇ ਹਨ|
ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਕਈ ਵਾਰੀ ਸਬਜੀ ਮੰਡੀ ਅਤੇ ਰੇਹੜੀ ਫੜੀ ਵਾਲਿਆਂ ਦੇ ਵੀ ਚਲਾਨ ਕੱਟੇ ਜਾਂਦੇ ਹਨ ਪ੍ਰੰਤੂ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਰੇਹੜੀ-ਫੜ੍ਹੀ ਵਾਲਿਆਂ ਦੇ ਨਾਲ ਨਾਲ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਇਹਨਾਂ ਵੱਡੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਇਆ ਜਾ ਸਕੇ|
ਇਸ ਸੰਬੰਧੀ ਗੱਲ ਕਰਨ ਤੇ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਸਰਬਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਦੇ  ਸਮੇਂ-ਸਮੇਂ ਤੇ ਚਲਾਨ ਕਰਕੇ  ਪਲਾਸਟਿਕ ਦੇ ਲਿਫਾਫੇ ਜਬਤ ਕੀਤੇ ਜਾਂਦੇ ਹਨ ਪ੍ਰੰਤੂ ਹੁਣ ਲਾਕ ਡਾਊਨ ਹੋਣ ਕਾਰਨ ਇਹ ਲੋਕ ਮੌਕੇ ਦਾ ਫਾਇਦਾ ਉਠਾ ਰਹੇ ਹਨ| ਉਨ੍ਹਾਂ ਕਿਹਾ ਕਿ ਜਲਦੀ ਹੀ ਪਲਾਸਟਿਕ ਦੇ ਲਿਫਾਫੇ  ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *