ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਲਗੇ ਮੁਕੰਮਲ ਪਾਬੰਦੀ

ਪਲਾਸਟਿਕ ਇੱਕ ਅਜਿਹਾ ਪਦਾਰਥ ਹੈ ਜੋ ਸੈਂਕੜੇ/ਹਜਾਰਾਂ ਸਾਲਾਂ ਤਕ ਖਤਮ ਨਹੀਂ ਹੁੰਦਾ| ਇਹ ਨਾ ਤਾਂ ਮਿੱਟੀ ਵਿੱਚ ਗਲਦਾ ਹੈ ਅਤੇ ਨਾ ਹੀ ਇਸ ਨੂੰ ਜੰਗ ਜਾਂ ਘੁਣ ਲਗਦੀ ਹੈ| ਹੋਰ ਤਾਂ ਹੋਰ ਇਸਨੂੰ ਸਾੜ ਕੇ ਵੀ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸਦੇ ਸੜਣ ਵੇਲੇ ਜਿਹੜਾ ਜਹਿਰੀਲਾ ਧੂਆਂ ਪੈਦਾ ਹੁੰਦਾ ਹੈ ਉਹ ਸਾਡੇ ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਉਂਦਾ ਹੈ| ਇਹੀ ਕਾਰਨ ਹੈ ਕਿ ਪਲਾਸਟਿਕ ਦੇ ਕਚਰੇ ਨੂੰ ਟਿਕਾਣੇ ਲਗਾਉਣਾ ਇਸ ਵੇਲੇ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਹੈ|
ਪਲਾਸਟਿਕ ਦੇ ਕਾਰਨ ਫੈਲਣ ਵਾਲੇ ਪ੍ਰਦੂਸ਼ਨ ਦਾ ਸਭ ਤੋਂ ਵੱਡਾ ਜਰੀਆ ਪਲਾਸਟਿਕ ਦੇ ਲਿਫਾਫੇ ਹਨ ਜਿਹਨਾਂ ਨੂੰ ਇੱਕ ਵਾਰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਥਾਂ ਥਾਂ ਤੇ ਫੈਲੇ ਇਹ ਖਾਲੀ ਲਿਫਾਫੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ| ਇਹ ਲਿਫਾਫੇ ਇੱਧਰ ਉੱਧਰ ਉੜਦੇ ਰਹਿੰਦੇ ਹਨ| ਆਵਾਰਾ ਪਸ਼ੂ ਇਹਨਾਂ ਖਾਲੀ ਲਿਫਾਫਿਆਂ ਨੂੰ ਖਾ ਲੈਂਦੇ ਹਨ ਅਤੇ ਇਹ ਲਿਫਾਫੇ ਉਹਨਾਂ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ| ਇਸੇ ਤਰ੍ਹਾਂ ਹਵਾ ਵਿੱਚ ਉੱਡਦੇ ਇਹ ਲਿਫਾਫੇ             ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ ਵਿੱਚ ਫਸ ਜਾਂਦੇ ਹਨ ਜਿਸ ਕਾਰਨ ਇਹ ਪਾਈਪਾਂ ਜਾਮ ਹੋ ਜਾਂਦੀਆਂ ਹਨ|
ਇਸ ਸਾਰੇ ਕੁਝ ਦਾ ਸਿਰਫ ਇੱਕੋ ਇਲਾਜ ਹੈ ਅਤੇ ਉਹ ਹੈ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਾਗੂ ਕਰਨਾ| ਪਰੰਤੂ ਪਿਛਲੇ 10 ਸਾਲਾਂ ਤਕ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਵਲੋਂ ਇਸ ਮੋਰਚੇ ਤੇ ਸਿਵਾਏ ਜਬਾਨੀ ਜਮ੍ਹਾਂ ਖਰਚੇ ਤੇ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਰਹੀ ਹੈ| ਇਸ ਸੰਬੰਧੀ ਪਿਛਲੀ ਸਰਕਾਰ ਵਲੋਂ ਭਾਵੇਂ ਸਮੇਂ  ਸਮੇਂ ਤੇ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਲਗਾਉਣ ਸੰਬੰਧੀ ਐਲਾਨ ਤਾਂ ਬਹੁਤ ਕੀਤੇ ਗਏ ਪਰੰਤੂ ਸਰਕਾਰ ਵਲੋਂ ਇਸ ਸੰਬੰਧੀ ਜਾਰੀ ਕੀਤੇ ਜਾਣ ਵਾਲੇ ਹੁਕਮਾਂ ਵਿੱਚ ਕੁੱਝ ਨਾ ਕੁੱਝ ਕਮੀ ਛੱਡ ਦਿੱਤੀ ਜਾਂਦੀ ਸੀ ਅਤੇ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਦਾ ਇਹ ਅਮਲ ਵਿੱਚ ਵਿਚਾਲੇ ਹੀ ਰੁਕ ਜਾਂਦਾ ਰਿਹਾ ਹੈ|
ਪਿਛਲੇ ਸਾਲ ਵੀ ਸਰਕਾਰ ਵਲੋਂ  ਸੂਬੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਸੀ ਪਰੰਤੂ ਇਹ ਸਾਰਾ ਕੁੱਝ ਹਵਾ ਹਵਾਈ ਸਾਬਿਤ ਹੋਇਆ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਹੁਣੇ ਵੀ ਲਗਾਤਾਰ ਜਾਰੀ ਹੈ| ਹਾਲਾਤ ਇਹ ਹਨ ਕਿ ਸੂਬੇ ਵਿੱਚ ਜਿੱਥੇ ਵੀ ਵੇਖੋ ਦੁਕਾਨਦਾਰਾਂ ਵਲੋਂ ਹਰ ਤਰ੍ਹਾਂ ਦੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਆਮ ਹੈ| ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਪੰਜਾਬ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਰੋਕ ਦਾ ਫੈਸਲਾ ਲਾਗੂ ਹੈ ਪਰੰਤੂ ਬਾਜਾਰਾਂ ਵਿੱਚ ਵਿਕਣ ਵਾਲੇ ਹਰ ਛੋਟੇ ਵੱਡੇ ਸਾਮਾਨ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਰਤੋਂ ਹੁੰਦੀ ਹੈ|
ਸਰਕਾਰ ਕਹਿੰਦੀ ਹੈ ਕਿ ਸੂਬੇ ਵਿਚਲੀਆਂ ਦੁਕਾਨਾਂ ਤੋਂ ਵਿਕਣ ਵਾਲੇ ਕਿਸੇ ਵੀ ਕਿਸਮ ਦੇ ਸਮਾਨ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ ਪਰੰਤੂ ਜਮੀਨੀ ਹਾਲਾਤ ਪਹਿਲਾਂ ਵਰਗੇ ਹੀ ਹਨ ਅਤੇ ਬਾਜਾਰਾਂ ਵਿੱਚ ਵਿਕਣ ਵਾਲੇ ਹਰ ਛੋਟੇ ਵੱਡੇ ਸਾਮਾਨ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ| ਇਸ ਸੰਬੰਧੀ ਵਾਤਾਵਰਨ ਦੇ ਬਚਾਉ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਸਰਕਾਰ ਵਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ| ਇਹ ਸੰਸਥਾਵਾਂ ਇਹ ਇਲਜਾਮ ਵੀ ਲਗਾਉਂਦੀਆਂ ਹਨ ਕਿ ਸਰਕਾਰ ਪਲਾਸਟਿਕ ਦੇ ਲਿਫਾਫੇ ਬਣਾਊਣ ਵਾਲੀਆਂ ਕੰਪਨੀਆਂ ਦੇ ਦਬਾਉ ਹੇਠ ਆ ਕੇ ਇਹਨਾਂ ਲਿਫਾਫਿਆਂ ਤੇ ਪਾਬੰਦੀ ਦੇ ਆਪਣੇ ਹੁਕਮਾਂ ਨੂੰ ਲਾਗੂ ਨਹੀਂ ਕਰਦੀ|
ਜੇਕਰ ਸਰਕਾਰ ਪਲਾਸਟਿਕ ਦੇ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਕਾਬੂ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਸੂਬੇ ਵਿੱਚ ਹਰ ਤਰ੍ਹਾ ਦੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਪੱਕੇ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ| ਨਵੀਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਤੁਰੰਤ ਫੈਸਲਾ ਲਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਦੇ ਫੈਸਲੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਇਹਨਾਂ ਲਿਫਾਫਿਆਂ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *