ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਸਬੰਧੀ ਕੌਂਸਲ ਅਧਿਕਾਰੀਆਂ ਦੀ ਵਪਾਰ ਮੰਡਲ ਦੇ ਆਗੂਆਂ ਨਾਲ ਮੀਟਿੰਗ

ਖਰੜ, 14 ਨਵੰਬਰ (ਕੁਸ਼ਲ ਆਨੰਦ) ਖਰੜ ਇਲਾਕੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਅੱਜ ਨਗਰ ਕੌਂਸਲ ਅਧਿਕਾਰੀਆਂ ਅਤੇ ਵਪਾਰ ਮੰਡਲ ਖਰੜ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਨਗਰ  ਕੌਂਸਲ ਦੇ ਈ ਓ ਸ੍ਰੀ ਸੰਦੀਪ  ਤਿਵਾੜੀ ਨੇ ਕਿਹਾ ਕਿ ਖਰੜ ਇਲਾਕੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਸਖਤੀ ਨਾਲ ਰੋਕਿਆ  ਜਾਵੇਗਾ| ਉਹਨਾਂ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ 25 ਨਵੰਬਰ ਤੱਕ ਆਪਣਾ ਪਲਾਸਟਿਕ ਦੇ ਲਿਫਾਫਿਆਂ ਦਾ ਸਟਾਕ ਖਤਮ ਕਰ ਲੈਣ| 25 ਨਵੰਬਰ ਤੋਂ ਬਾਅਦ ਕੌਂਸਲ ਦੀ ਟੀਮ ਵਲੋਂ ਸ਼ਹਿਰ ਵਿੱਚ ਸਰਵੇ ਕੀਤਾ ਜਾਵੇਗਾ ਅਤੇ ਜਿਹੜੇ ਦੁਕਾਨਦਾਰਾਂ ਅਤੇ ਵਪਾਰੀਆਂ ਕੋਲੋਂ ਪਲਾਸਟਿਕ ਦੇ ਲਿਫਾਫੇ ਜਬਤ ਕੀਤੇ ਗਏ, ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ 25 ਨਵੰਬਰ ਤੋਂ ਬਾਅਦ ਵਰਤੋਂ ਕਰਨ ਤੇ ਪੰਜ ਹਜਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਜਿਹੜਾ ਵਿਅਕਤੀ ਪਲਾਸਟਿਕ ਦੇ ਲਿਫਾਫੇ ਵਿੱਚ ਸਮਾਨ ਆਦਿ ਲੈ ਕੇ ਜਾਵੇਗਾ, ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਕਈ ਵਪਾਰੀ ਅਤੇ ਦੁਕਾਨਦਾਰ ਆਪਣਾ ਸਮਾਨ ਪਲਾਸਟਿਕ ਦੀ ਪੈਕਿੰਗ ਕਰਕੇ ਵੇਚਦੇ ਹਨ, ਉਹਨਾਂ ਨੂੰ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਪੈਕਿੰਗ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ|
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਵੀ ਆਪਣਾ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿੱਚ ਹੀ ਪੈਕ ਕਰਕੇ ਵੇਚ ਰਹੀਆਂ ਹਨ, ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਸਿਰਫ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ ਤਾਂ ਈ ਓ ਸੰਦੀਪ ਤਿਵਾੜੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਵਲੋਂ ਆਪਣਾ ਸਮਾਨ  ਵੇਚਣ ਲਈ ਕੀਤੀ ਜਾ ਰਹੀ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਉਪਰ ਪਾਬੰਦੀ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ| ਉਹਨਾਂ ਪਲਾਸਟਿਕ ਦੀ ਪੈਕਿੰਗ ਦੇ ਸਾਮਾਨ ਨੂੰ 30 ਨਵੰਬਰ ਤੱਕ ਵੇਚਣ ਦੀ ਛੋਟ ਦੇ ਦਿੱਤੀ| ਇਸ ਮੌਕੇ ਵਪਾਰ ਮੰਡਲ ਦੇ ਆਗੂ ਯਸ਼ਪਾਲ, ਪਵਨ ਕੁਮਾਰ ਅਤੇ ਬਿੱਟੂ (ਦੋਵੇਂ ਲਿਫਾਫਾ ਡੀਲਰ) ਵੀ ਮੌਜੂਦ ਸਨ|

Leave a Reply

Your email address will not be published. Required fields are marked *