ਪਸ਼ੂ ਪਾਲਣ ਵਿਭਾਗ ਵਿੱਚ 10 ਸਾਲ ਬਾਅਦ ਪਾਰਦਰਸ਼ੀ ਅਤੇ ਮੈਰਿਟ ਦੇ ਅਧਾਰ ਤੇ ਹੋਈਆਂ ਬਦਲੀਆਂ : ਡਾ. ਅਸ਼ੋਕ ਸ਼ਰਮਾ

ਐਸ.ਏ.ਐਸ. ਨਗਰ, 4 ਅਗਸਤ (ਸ.ਬ.) ਡਾ. ਅਸ਼ੋਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਟੇਟ ਵੈਟਰਨਰੀ ਆਫੀਸਰਜ਼ ਐਸੋਸੀਏਸ਼ਨ ਦਾ ਇੱਕ ਵਫ਼ਦ ਅੱਜ ਪਸ਼ੂ ਪਾਲਣ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੂੰ ਮਿਲਿਆ, ਜਿਸ ਵਿੱਚ ਪੰਜਾਬ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਲਈ ਸੂਬੇ ਦੇ ਵੈਟਰਨਰੀ ਡਾਕਟਰਾਂ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਉਪਰਾਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਮੌਕੇ ਸ਼੍ਰੀ ਸਿੱਧੂ ਨੇ ਕਿਹਾ ਕਿ ਕਿਰਸਾਨੀ ਜਿਸ ਦੌਰ ਚੋਂ ਨਿੱਕਲ ਰਹੀ ਹੈ, ਜਦੋਂ ਖੇਤੀਬਾੜੀ ਤੋਂ ਉਤਪਾਦਨ ਘਟ ਰਿਹਾ ਹੈ, ਜਿਸ ਕਾਰਣ ਕਿਸਾਨ ਦੀਵਾਲੀਏ ਪਨ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ ਤਾਂ ਉਸ ਨੂੰ, ਖਾਸਕਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਸ਼ੂ ਪਾਲਣ ਖੇਤਰ ਹੀ ਸਹਾਰਾ ਦੇ ਕੇ ਬਾਹਰ ਕੱਢ ਸਕਦਾ ਹੈ| ਇਸ ਨੂੰ ਪੂਰਨ ਤੌਰ ਤੇ ਸਾਕਾਰ ਕਰਨ ਲਈ ਵੈਟਰਨਰੀ ਅਫ਼ਸਰਾਂ ਨੂੰ ਦਿਨ ਰਾਤ ਮਿਹਨਤ ਕਰਨੀ ਪਵੇਗੀ| ਡਾ. ਸ਼ਰਮਾ ਨੇ ਪਸ਼ੂ ਪਾਲਣ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਵਿਭਾਗ ਦੀ ਕਾਰਗੁਜ਼ਾਰੀ ਨੂੰ ਚੁਸਤ ਦਰੁਸਤ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਕਾਰਗਰ ਸਿੱਧ ਕਰਨ ਲਈ ਸੂਬੇ ਦੇ ਵੈਟਰਨਰੀ ਅਫ਼ਸਰਾਂ ਵੱਲੋਂ ਪੂਰਾ ਯੋਗਦਾਨ ਹੀ ਨਹੀਂ ਪਾਇਆ ਜਾਵੇਗਾ ਸਗੋਂ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ|
ਇਸੇ ਦੌਰਾਨ ਡਾ. ਸ਼ਰਮਾ ਨੇ ਪਸ਼ੂ ਪਾਲਣ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦਾ ਹਾਲ ਵਿੱਚ ਹੀ ਵਿੱਚ ਕੀਤੀਆਂ ਪਾਰਦਰਸ਼ੀ, ਸਾਰਥਕ ਅਤੇ ਮੈਰਿਟ ਅਧਾਰ ਤੇ ਲੋਕ ਹਿੱਤ ਵਿੱਚ ਕੀਤੀਆਂ ਬਦਲੀਆਂ ਲਈ ਧੰਨਵਾਦ ਕੀਤਾ| ਉਨ੍ਹਾਂ ਉਮੀਦ ਜਾਹਰ ਕੀਤੀ ਕਿ ਸ਼੍ਰੀ ਸਿੱਧੂ ਵੱਲੋਂ ਵਿਭਾਗ ਵਿੱਚ ਸ਼ੁਰੂ ਕੀਤੇ ਡੇਅਰੀ ਅਤੇ ਇਸ ਦੇ ਨਾਲ-ਨਾਲ ਬੱਕਰੀ, ਸੂਰ, ਮੁਰਗੀ ਪਾਲਣ ਆਦਿ ਦੇ ਸਹਾਇਕ ਧੰਦੇ ਲੋਕਾਂ ਵੱਲੋਂ ਅਪਨਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਦਕਾ ਰਾਜ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਸਾਰਥਕ ਯੋਗਦਾਨ ਪਾਉਣਗੇ|
ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਡਾ. ਗੁਰਚਰਨ ਸਿੰਘ, ਡਾ. ਅਬਦੁਲ ਮਾਜਿਦ, ਡਾ. ਮਧੂਕੇਸ਼ ਪਲਟਾ, ਡਾ. ਦਰਸ਼ਨ ਦਾਸ, ਡਾ. ਕੇ.ਜੀ. ਖੁਰਾਨਾ, ਡਾ. ਕੁਲਵੰਤ ਸਿੰਘ ਨਵਾਂ ਸ਼ਹਿਰ, ਡਾ. ਬਿਮਲ ਸ਼ਰਮਾ ਅਤੇ ਡਾ. ਗੁਰਿੰਦਰ ਸਿੰਘ ਵਾਲੀਆ ਹਾਜਰ ਸਨ|

Leave a Reply

Your email address will not be published. Required fields are marked *