ਪਹਾੜਾਂ ਵਿੱਚ ਬਰਫਬਾਰੀ ਤੋਂ ਬਾਅਦ ਵਧਿਆ ਠੰਡ ਦਾ ਪ੍ਰਕੋਪ ਠੰਡ ਵਧਣ ਕਾਰਨ ਵਪਾਰੀਆਂ ਦਾ ਕਾਰੋਬਾਰ ਵੀ ਹੋਇਆ ਠੰਡਾ, ਅੱਗ ਸੇਕ ਰਹੇ ਹਨ ਵਿਹਲੇ ਹੋਏ ਦੁਕਾਨਦਾਰ


ਐਸ਼ਏ 30 ਦਸੰਬਰ (ਜਸਵਿੰਦਰ ਸਿੰਘ) ਉਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋਣ ਕਾਰਨ ਪੰਜਾਬ ਵਿੱਚ ਠੰਡ ਦਾ ਪ੍ਰਕੋਪ ਅਚਾਨਕ ਵੱਧ ਗਿਆ ਹੈ ਅਤੇ ਪਾਰਾ ਡਿੱਗਣ ਕਾਰਨ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਤਕ ਪਹੁੰਚ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਰਦੀ ਦਾ ਇਹ ਪ੍ਰਕੋਪ ਅਗਲੇ ਕੁੱਝ ਦਿਨ ਤਕ ਜਾਰੀ ਰਹਿ ਸਕਦਾ ਹੈ ਅਤੇ ਲੋਕਾਂ ਨੂੰ ਸਰਦੀ ਦੀ ਇਹ ਮਾਰ ਅਗਲੇ ਕੁੱਝ ਦਿਨਾਂ ਤਕ ਸਹਿਣੀ ਪੈ ਸਕਦੀ ਹੈ।
ਇਸ ਦੌਰਾਨ ਜਿੱਥੇ ਸੈਲਾਨੀ ਪਹਾੜੀ ਇਲਾਕਿਆਂ ਵੱਲ ਘੁੰਮਣ ਜਾ ਰਹੇ ਹਨ ਉੱਥੇ ਦੂਜੇ ਪਾਸੇ ਠੰਡ ਨੇ ਵਪਾਰੀਆਂ ਦਾ ਕਾਰੋਬਾਰ ਵੀ ਪੂਰੀ ਤਰ੍ਹਾਂ ਠੰਡਾ ਕਰ ਦਿੱਤਾ ਹੈ। ਮੁਹਾਲੀ ਦੇ ਫੇਜ਼ 7 ਦੀ ਮਾਰਕੀਟ ਦੇ ਦੁਕਾਨਦਾਰ ਸ਼ੀਤ ਲਹਿਰ ਤੋਂ ਬਚਣ ਲਈ ਇਕੱਠੇ ਹੋ ਕੇ ਅੱਗ ਸੇਕਦੇ ਨਜ਼ਰ ਆਏ। ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਚਾਨਕ ਠੰਡ ਬਹੁਤ ਜਿਆਦਾ ਵੱਧ ਜਾਣ ਕਾਰਨ ਬਾਜਾਰ ਵਿੱਚ ਗ੍ਰਾਹਕ ਕਾਫੀ ਘੱਟ ਆ ਰਹੇ ਹਨ ਅਤੇਜਦੋਂ ਤੱਕ ਪੂਰੀ ਤਰ੍ਹਾਂ ਧੁੱਪ ਨਹੀਂ ਨਿਕਲਦੀ ਬਾਜਾਰ ਵਿੱਚ ਵੀ ਚਹਿਲ ਪਹਿਲ ਨਜ਼ਰ ਨਹੀਂ ਆਉਂਦੀ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੰਡ ਦਾ ਪ੍ਰਕੋਪ ਕਾਫੀ ਵੱਧ ਜਾਣ ਕਾਰਨ ਜਿਆਦਾਤਰ ਲੋਕ ਘਰ ਤੋਂ ਬਾਹਰ ਹੀ ਨਹੀਂ ਨਿਕਲ ਰਹੇ ਅਤੇ ਜਿਹੜੇ ਥੋੜ੍ਹੇ ਬਹੁਤ ਗ੍ਰਾਹਕ ਆ ਰਹੇ ਹਨ ਉਹ ਵੀ ਧੁੱਪ ਨਿਕਲਣ ਤੇ ਹੀ (12 ਵਜੇ ਦੇ ਕਰੀਬ) ਘਰਾਂ ਵਿੱਚੋਂ ਨਿਕਲਦੇ ਹਨ ਅਤੇ ਠੰਡ ਤੋਂ ਬਚਣ ਲਈ ਸ਼ਾਮ ਨੂੰ ਜਲਦੀ ਘਰ ਵਾਪਸ ਚਲੇ ਜਾਂਦੇ ਹਨ, ਜਿਸਦਾ ਉਹਨਾਂ ਦੇ ਕਾਰੋਬਾਰ ਤੇ ਕਾਫੀ ਮਾੜਾ ਅਸਰ ਪੈਂਦਾ ਹੈ। ਦੁਕਾਨਦਾਰਾਂ ਦਾ ਕਹਿਣਾਂ ਹੈ ਕਿ ਪਹਿਲਾਂ ਕੋਰੋਨਾ ਦੇ ਪ੍ਰਕੋਪ ਕਾਰਨ ਉਹਨਾਂ ਦੇ ਕੰਮ ਕਾਰ ਬਿਲਕੁਲ ਠੱਪ ਹੋ ਗਏ ਸਨ ਅਤੇ ਹੁਣ ਵੀ ਆਰਥਿਕ ਹਾਲਾਤ ਅਤੇ ਠੰਡ ਕਾਰਨ ਵਪਾਰ ਦੀ ਚਾਲ ਮੱਠੀ ਪੈ ਗਈ ਹੈ।

Leave a Reply

Your email address will not be published. Required fields are marked *