ਪਹਾੜੀ ਵਾਦੀਆਂ ਦਾ ਆਨੰਦ ਲੈ ਰਹੇ ਹਨ ਨਗਰ ਨਿਗਮ ਦੀ ਕਾਬਿਜ ਧਿਰ ਦੇ ਕੌਂਸਲਰ

ਪਹਾੜੀ ਵਾਦੀਆਂ ਦਾ ਆਨੰਦ ਲੈ ਰਹੇ ਹਨ ਨਗਰ ਨਿਗਮ ਦੀ ਕਾਬਿਜ ਧਿਰ ਦੇ ਕੌਂਸਲਰ
ਸਕਾਈ ਹਾਕ ਟਾਈਮਜ਼ ਬਿਊਰੋ
ਐਸ ਏ ਐਸ ਨਗਰ, 3 ਅਗਸਤ

ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਸਮੇਤ ਨਿਗਮ ਦੀ ਕਾਬਿਜ ਧਿਰ ਦੇ ਕੌਂਸਲਰ ਇਸ ਵੇਲੇ ਚੈਲ ਦੀਆਂ ਪਹਾੜੀਆਂ ਵਿੱਚ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਲੈ ਰਹੇ ਹਨ| ਕਾਬਿਜ ਧੜੇ ਦੇ ਇਹਨਾਂ ਕੌਂਸਲਰਾਂ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਤਿੰਨ ਕੌਂਸਲਰ (ਜਿਹਨਾਂ ਦੇ ਮੇਅਰ ਵਿਰੋਧੀ ਰਵਈਏ ਕਾਰਨ ਉਹਨਾਂ ਨੂੰ ਇਸ ਟੂਰ ਦਾ ਸੱਦਾ ਤੱਕ ਨਹੀਂ ਦਿੱਤਾ ਗਿਆ) ਸ਼ਾਮਿਲ ਨਹੀਂ ਹਨ| ਇਸ ਤੋਂ ਇਲਾਵਾ ਦੋ ਤਿੰਨ ਹੋਰ ਕੌਂਸਲਰ ਵੀ ਨਿੱਜੀ ਰੁਝੇਵਿਆਂ ਕਾਰਨ ਪਹਾੜਾਂ ਦੀ ਸੈਰ ਤੇ ਨਹੀਂ ਗਏ ਜਦੋਂਕਿ ਬਾਕੀ ਦੇ ਕੌਂਸਲਰਾਂ ਸਮੇਤ ਮਹਿਲਾ ਕੌਂਸਲਰਾਂ ਦੇ ਪਤੀ, ਸਾਬਕਾ ਕੌਂਸਲਰ ਅਤੇ ਕੁੱਝ ਹੋਰ ਅਕਾਲੀ ਭਾਜਪਾ ਆਗੂ ਇਸ ਟੂਰ ਵਿੱਚ ਸ਼ਾਮਿਲ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਕੌਂਸਲਰਾਂ ਦਾ ਇਹ ਗਰੁੱਪ ਦੋ ਦਿਨ ਪਹਿਲਾਂ ਚੈਲ ਵਾਸਤੇ ਰਵਾਨਾ ਹੋਇਆ ਸੀ| ਬਾਅਦ ਵਿੱਚ ਕੁੱਝ ਹੋਰ ਕੌਂਸਲਰ ਵੀ ਇਹਨਾਂ ਨਾਲ ਜਾ ਰਲੇ ਜਦੋਂਕਿ ਕੁੱਝ ਕੌਂਸਲਰ ਅੱਜ ਹੀ ਪਹਾੜਾਂ ਵੱਲ ਗਏ ਹਨ| ਇਹ ਕੌਂਸਲਰ ਪਹਾੜਾਂ ਵਿੱਚ ਛੁੱਟੀਆਂ ਤਾਂ ਮਨਾ ਹੀ ਰਹੇ ਹਨ ਅਤੇ ਇਸ ਦੌਰਾਨ ਮੇਅਰ ਕੁਲਵੰਤ ਸਿੰਘ ਵਲੋਂ ਇਹਨਾਂ ਕੌਂਸਲਰਾਂ ਨਾਲ ਵੱਖੋਂ ਵੱਖਰੇ ਤੌਰ ਤੇ ਗੱਲਬਾਤ ਕਰਕੇ ਉਹਨਾਂ ਦੇ ਵਾਰਡਾਂ ਨਾਲ ਸੰਬੰਧਿਤ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਵੀ ਲਈ ਜਾ ਰਹੀ ਹੈ ਅਤੇ ਉਹਨਾਂ ਨਾਲ ਨਿੱਜੀ ਰਿਸ਼ਤੇ ਵੀ ਕਾਇਮ ਕੀਤੇ ਜਾ ਰਹੇ ਹਨ|
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਆਪਣੇ ਸਮਰਥਕ ਕੌਂਸਲਰਾਂ ਨੂੰ ਇਹਨਾਂ ਪਹਾੜੀ ਵਾਦੀਆਂ ਦੀ ਸੈਰ ਕਰਵਾਈ ਜਾਂਦੀ ਰਹੀ ਹੈ ਜਿਸ ਦੌਰਾਨ ਮੇਅਰ ਦੇ ਆਪਣੇ ਸਮਰਥਕ ਕੌਂਸਲਰਾਂ ਨਾਲ ਨਿੱਜੀ ਨੇੜਤਾ ਕਾਇਮ ਕਰਨ ਦੇ ਨਾਲ ਨਾਲ ਉਹਨਾਂ ਦੇ ਗਿਲੇ ਸ਼ਿਕਵੇ ਵੀ ਦੂਰ ਕੀਤੇ ਜਾਂਦੇ ਰਹੇ ਹਨ|
ਪਿਛਲੇ ਸਮੇਂ ਦੌਰਾਨ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਨਿਗਮ ਦੇ ਕੰਮਾਂ ਵਿੱਚ ਦਖਲਅੰਦਾਜੀ ਵੱਧਦੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਨਿਗਮ ਦੀ ਕਾਬਿਜ ਅਤੇ ਵਿਰੋਧੀ ਧਿਰ ਵਿਚਾਲੇ ਕੁੜੱਤਣ ਵੀ ਵੱਧ ਰਹੀ ਹੈ| ਪਿਛਲੇ ਦਿਨੀਂ ਨਿਗਮ ਦੇ ਕਮਿਸ਼ਨਰ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਕਮਿਸ਼ਨਰ ਨਾਲ ਤਾਲਮੇਲ ਬਿਠਾਉਣ ਅਤੇ ਨਿਗਮ ਦੇ ਕੰਮ ਕਾਜ ਨੂੰ ਠੀਕ ਢੰਗ ਨਾਲ ਚਲਾਉੁਣ ਲਈ ਮੇਅਰ ਵਲੋਂ ਆਪਣੇ ਸਾਥੀ ਕੌਂਸਲਰਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾ ਰਿਹਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਵਾਦੀਆਂ ਦੀ ਸੈਰ ਤੇ ਗਏ ਕਾਬਿਜ ਧਿਰ ਦੇ ਇਹ ਕੌਂਸਲਰ ਭਲਕੇ ਵਾਪਸ ਪਰਤ ਆਉਣਗੇ|

Leave a Reply

Your email address will not be published. Required fields are marked *