ਪਹਿਲਾਂ ਤੋਂ ਸ਼ਾਦੀ ਸ਼ੁਦਾ ਵਿਅਕਤੀ ਨੇ ਲੜਕੀ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਨਾਲ ਕੀਤਾ ਵਿਆਹ, ਬੱਚਾ ਹੋਣ ਤੋਂ ਬਾਅਦ ਛੱਡ ਦਿੱਤਾ

ਪਹਿਲਾਂ ਤੋਂ ਸ਼ਾਦੀ ਸ਼ੁਦਾ ਵਿਅਕਤੀ ਨੇ ਲੜਕੀ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਨਾਲ ਕੀਤਾ ਵਿਆਹ, ਬੱਚਾ ਹੋਣ ਤੋਂ ਬਾਅਦ ਛੱਡ ਦਿੱਤਾ
8 ਮਹੀਨਿਆਂ ਤੋਂ ਇਨਸਾਫ ਲਈ ਭਟਕ ਰਹੀ ਹੈ ਪੀੜਿਤ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 10 ਨਵੰਬਰ

ਸਥਾਨਕ ਸੈਕਟਰ 56 ਦੇ ਵਸਨੀਕ ਇੱਕ ਸ਼ਾਦੀ ਸ਼ੁਦਾ ਵਿਅਕਤੀ ਵੱਲੋਂ 2 ਸਾਲ ਪਹਿਲਾਂ ਪਿੰਡ ਮੁਹਾਲੀ ਦੀ ਇੱਕ ਨੌਜਵਾਨ ਲੜਕੀ ਨੂੰ ਪਹਿਲਾਂ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਲਏ ਗਏ ਅਤੇ ਬਾਅਦ ਵਿੱਚ ਲੜਕੀ ਦੇ ਗਰਭਵਤੀ ਹੋਣ ਤੇ ਉਸ ਨਾਲ ਬਾਕਾਇਦਾ ਵਿਆਹ ਕਰਵਾ ਕੇ ਉਸ ਨਾਲ ਬਲੌਂਗੀ ਰਹਿਣ ਲੱਗ ਪਿਆ| ਬਾਅਦ ਵਿੱਚ ਲੜਕੀ ਦੇ ਬੱਚਾ ਹੋਣ ਤੋਂ ਬਾਅਦ ਇਹ ਵਿਅਕਤੀ ਦੁਬਾਰਾ ਆਪਣੀ ਪਹਿਲੀ ਪਤਨੀ ਨਾਲ ਰਹਿਣ ਲੱਗ ਪਿਆ|
ਪਿੰਡ ਮੁਹਾਲੀ ਦੀ ਵਸਨੀਕ ਸਰਿਤਾ ਕੁਮਾਰੀ ਉਮਰ (20-21 ਸਾਲ) ਨੇ ਦੱਸਿਆ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਵੇਲੇ ਰਾਕੇਸ਼ ਗੁਪਤਾ ਨਾਮ ਦਾ ਇੱਕ ਨੌਜਵਾਨ ਉਸਦੇ ਘਰ ਨੇੜੇ ਆ ਕੇ ਬੈਠਣ ਲੱਗ ਪਿਆ ਸੀ ਅਤੇ ਫਿਰ ਉਹ ਉਸਦੇ ਪਿਆਰ ਵਿਚ ਪੈ ਗਈ| ਰਾਕੇਸ਼ ਗੁਪਤਾ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕਰਦਾ ਸੀ ਅਤੇ ਇੱਕ ਦਿਨ ਰਾਕੇਸ਼ ਉਸਨੂੰ ਆਪਣੇ ਇੱਕ ਦੋਸਤ ਦੇ ਘਰ ਲੈ ਗਿਆ| ਜਿੱਥੇ ਉਸਨੇ ਉਸ ਨਾਲ ਜਬਰੀ ਸੰਬੰਧ ਕਾਇਮ ਕਰ ਲਏ| ਇਸ ਤੋਂ ਬਾਅਦ ਅਜਿਹਾ ਕਈ ਵਾਰ ਹੋਇਆ| ਜਿਸ ਨਾਲ ਉਹ ਗਰਭਵਤੀ ਹੋ ਗਈ| ਜਦੋਂ ਉਸਨੇ ਇਸ ਬਾਰੇ ਰਾਕੇਸ਼ ਨੂੰ ਦੱਸਿਆ ਤਾਂ ਉਸ ਨੇ ਮਨਸਾ ਦੇਵੀ ਮੰਦਿਰ ਵਿਚ ਜਾ ਕੇ (30 ਮਈ 2016) ਨੂੰ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਹ ਦੋਵੇਂ ਆਦਰਸ਼ ਕਾਲੋਨੀ ਬਲੌਂਗੀ ਵਿਚ ਜਾ ਕੇ ਰਹਿਣ ਲੱਗ ਪਏ|
ਸਰਿਤਾ ਕੁਮਾਰੀ ਅਨੁਸਾਰ ਅਕਤੂਬਰ 2016 ਵਿੱਚ ਉਸਦਾ ਇੱਕ ਐਕਸੀਡੈਂਟ ਹੋਇਆ ਅਤੇ ਉਸਨੂੰ ਜਖਮੀ ਹੋਣ ਕਾਰਨ ਪਹਿਲਾਂ ਫੇਜ਼-6 ਦੇ ਹਸਪਤਾਲ ਅਤੇ ਫਿਰ ਪੀ ਜੀ ਆਈ ਦਾਖਿਲ ਕਰਵਾਇਆ ਗਿਆ| ਪੀ ਜੀ ਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਰਾਕੇਸ਼ ਦੇ ਭਰਾਵਾਂ ਜੈ ਗੋਬਿੰਦ ਗੁਪਤਾ ਅਤੇ ਗਿਰਜੇਸ਼ ਦਾ ਵੀ ਉਸਦੇ ਘਰ ਆਉਣ ਜਾਣ ਸ਼ੁਰੂ ਹੋ ਗਿਆ| ਜਨਵਰੀ 2017 ਵਿੱਚ ਉਸਦੀ ਡਿਲੀਵਰੀ ਹੋ ਗਈ ਅਤੇ ਸਭ ਕੁੱਝ ਠੀਕ ਚਲ ਰਿਹਾ ਸੀ ਪਰ ਇਸ ਦੌਰਾਨ ਉਸਦਾ ਪਤੀ ਉਸ ਨਾਲ ਗੁੱਸੇ ਹੋ ਕੇ ਪਿੰਡ ਚਲਾ ਗਿਆ ਅਤੇ ਜਦੋਂ ਉਹ ਉਸਦਾ ਪਤਾ ਕਰਨ ਉਸਦੇ ਭਰਾਵਾਂ ਦੇ ਘਰ ਗਈ ਤਾਂ ਉਹਨਾਂ ਕਿਹਾ ਕਿ ਰਾਕੇਸ਼ ਹੁਣ ਕਦੇ ਨਹੀਂ ਆਏਗਾ ਅਤੇ ਉਹ ਤਾਂ ਪਹਿਲਾਂ ਹੀ ਸ਼ਾਦੀਸ਼ੁਦਾ ਅਤੇ ਤਿੰਨ ਬੱਚਿਆਂ ਦਾ ਬਾਪ ਹੈ|
ਸਰਿਤਾ ਅਨੁਸਾਰ ਇੱਕ ਮਹੀਨੇ ਬਾਅਦ ਉਸਦਾ ਪਤੀ ਵਾਪਿਸ ਆ ਗਿਆ ਅਤੇ ਉਸਦੇ ਪੁੱਛਣ ਤੇ ਕਹਿਣ ਲੱਗਾ ਕਿ ਉਸਦੇ ਭਰਾ ਉਹਨਾਂ ਨੂੰ ਵੱਖ ਕਰਨਾ ਚਾਹੁੰਦੇ ਹਨ ਇਸ ਲਈ ਉਹ ਝੂਠ ਬੋਲ ਰਹੇ ਹਨ| ਬਾਅਦ ਵਿੱਚ  ਰਾਕੇਸ਼ ਨੇ ਫਿਰ ਘਰ ਆਉਣਾ ਬੰਦ ਕਰ ਦਿੱਤਾ ਅਤੇ ਜਦੋਂ ਉਸਨੇ ਆਪਣੇ ਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਵਾਕਈ ਵਿਆਹਿਆ ਹੋਇਆ ਹੈ| ਇਸਤੇ ਉਸਨੇ ਬਲੌਂਗੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਿੱਥੇ ਰਾਕੇਸ਼ ਪਿੰਡ ਦੇ ਵਸਨੀਕ ਕੁਲਵਿੰਦਰ ਸ਼ਰਮਾ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ ਜਿਨ੍ਹਾਂ ਨੇ ਉਸਤੇ ਰਾਕੇਸ਼ ਨਾਲ ਸਮਝੌਤਾ ਕਰਨ ਦਾ ਦਬਾਅ ਪਾਇਆ ਅਤੇ ਉਸਨੂੰ ਤਿੰਨ ਲੱਖ ਰੁਪਏ (ਇੱਕ ਇੱਕ ਲੱਖ ਦੇ ਤਿੰਨ ਚੈਕ) ਦੇਣ ਦੀ ਗੱਲ ਕਹਿ ਕੇ ਸਮਝੌਤੇ ਤੇ ਹਸਤਾਖਰ ਕਰਵਾ ਲਏ| ਬਾਅਦ ਵਿੱਚ ਇਹ ਲੋਕ ਉਸਨੂੰ ਪੈਸੇ ਦੇਣ ਤੋਂ ਇਨਕਾਰੀ ਹੋ ਗਏ ਤਾਂ ਉਸਨੇ ਵੂਮੈਨ ਸੈਲ ਵਿੱਚ ਸ਼ਿਕਾਇਤ ਦਿੱਤੀ ਪ੍ਰੰਤੂ ਉੱਥੇ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ|
ਸਰਿਤਾ ਕੁਮਾਰੀ ਦਾ ਕਹਿਣਾ ਹੈ ਕਿ ਪਿਛਲੇ ਅੱਠ ਮਹੀਨਿਆਂ ਦੌਰਾਨ ਉਹ ਥਾਂ ਥਾਂ ਤੇ ਭਟਕ ਰਹੀ ਹੈ ਪ੍ਰੰਤੂ ਕੋਈ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ| ਜਿਨ੍ਹਾਂ ਵਿਅਕਤੀਆਂ ਨੇ ਬਲੌਂਗੀ ਥਾਣੇ ਵਿੱਚ ਉਸਦਾ ਸਮਝੌਤਾ ਲਿਖਵਾਇਆ ਸੀ ਉਹ ਵੀ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ ਅਤੇ ਉਸ ਲਈ ਆਪਣਾ ਅਤੇ ਆਪਣੇ ਬੱਚੇ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ| ਸਰਿਤਾ ਕੁਮਾਰੀ ਅਨੁਸਾਰ ਉਸਨੇ ਇੱਕ ਮਹੀਨਾ ਪਹਿਲਾਂ ਐਸ ਐਸ ਪੀ ਮੁਹਾਲੀ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ  ਜਿੱਥੇ ਐਸ ਐਸ ਪੀ ਵੱਲੋਂ ਉਸਦੀ ਸ਼ਿਕਾਇਤ ਦੀ ਜਾਂਚ ਡੀ ਐਸ ਪੀ ਅਮਰੋਜ ਦੇ ਹਵਾਲੇ ਕੀਤੀ ਗਈ ਹੈ| ਡੀ ਐਸ ਪੀ ਨੇ ਉਸਦੇ ਬਿਆਨ ਵੀ ਲਏ ਸਨ ਪ੍ਰੰਤੂ ਇਹ ਕਾਰਵਾਈ ਇੱਥੇ ਹੀ ਰੁਕੀ ਹੋਈ ਹੈ| ਇਸ ਬਾਰੇ ਗੱਲ ਕਰਨ ਤੇ ਪਿੰਡ ਬਲੌਂਗੀ ਦੇ ਵਸਨੀਕ ਸ੍ਰੀ ਕੁਲਵਿੰਦਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪਿੰਡ ਦੇ ਮੋਹਤਬਰ ਵਿਅਕਤੀ ਵਜੋਂ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ ਸੀ ਅਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਡੀ ਐਸ ਪੀ ਅਮਰੋਜ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ                    ਜਾਵੇਗੀ|

Leave a Reply

Your email address will not be published. Required fields are marked *