ਪਹਿਲਾਂ ਤੋਂ ਹੀ ਚਲ ਰਹੇ ਡਿਸਪੈਂਸਰੀ ਦੀ ਉਸਾਰੀ ਦੇ ਕੰਮ ਦਾ ਮੁੜ ਉਦਘਾਟਨ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ ਮੰਤਰੀ : ਪਰਵਿੰਦਰ ਸੋਹਾਣ

ਐਸ.ਏ.ਐਸ.ਨਗਰ, 27 ਜੂਨ (ਸ.ਬ.)ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਉਤੇ ਇਲਜਾਮ ਲਗਾਇਆ ਕਿ ਸਿਹਤ ਮੰਤਰੀ  ਝੂਠੀ ਸ਼ੋਹਰਤ ਹਾਸਿਲ ਕਰਨ ਲਈ ਨਿਗਮ ਵਲੋਂ ਪਹਿਲਾਂ ਤੋਂ ਪਾਸ ਕੀਤੇ ਕੰਮਾਂ ਦੇ ਮੁੜ ਉਦਘਾਟਨ ਕਰ ਰਹੇ ਹਨ| 
ਉਨ੍ਹਾਂ ਕਿਹਾ ਕਿ ਕੈਬਿਨਟ ਮੰਤਰੀ ਵਲੋਂ ਅੱਜ ਪਿੰਡ ਸੋਹਾਣਾ ਵਿਖੇ ਸਰਕਾਰੀ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਪਰੰਤੂ ਅਸਲੀਅਤ ਇਹ ਹੈ ਕਿ ਇਸ ਡਿਸਪੈਂਸਰੀ ਦਾ ਕੰਮ ਬੀਤੀ  4 ਮਾਰਚ ਨੂੰ ਹੀ ਸ਼ੁਰੂ ਕਰਵਾ ਦਿੱਤਾ ਹੋਇਆ ਹੈ ਅਤੇ ਅਸਲੀਅਤ ਇਹ ਹੈ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਨਿਗਮ ਵਲੋਂ ਇਸ ਡਿਸਪੈਂਸਰੀ ਦੀ ਉਸਾਰੀ ਲਈ ਨਿਗਮ ਵਲੋਂ 2017 ਵਿੱਚ ਪਾਸ ਕੀਤੇ ਗਏ ਮਤੇ ਨੂੰ 2 ਸਾਲ ਤੱਕ ਰੁਕਵਾ ਕੇ ਰੱਖਿਆ ਸੀ ਅਤੇ ਇਸ ਡਿਸਪੈਂਸਰੀ ਦਾ ਕੰਮ ਸ਼ੁਰੂ ਕਰਵਾਉਣ ਦੇ ਕੰਮ ਵਿੱਚ ਅੜਿੱਕੇ ਲਗਾਏ ਸਨ| 
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਿੰਡ ਸੋਹਾਣਾ ਦੇ ਪੰਚਾਇਤ ਘਰ ਦੀ ਥਾਂ ਵਿੱਚ ਚਲਦੀ ਸਰਕਾਰੀ ਡਿਸਪੈਂਸਰੀ ਦੀ ਹਾਲਤ ਕਾਫ਼ੀ ਜ਼ਿਆਦਾ ਖਸਤਾ ਹੋਣ ਕਾਰਨ ਉਹਨਾਂ ਨੇ ਨਗਰ ਨਿਗਮ ਦਾ ਕੌਂਸਲਰ ਹੋਣ ਸਮੇਂ ਪਿੰਡ ਦੇ ਬਾਕੀ ਕੌਂਸਲਰਾਂ ਨਾਲ ਮਿਲ ਕੇ ਨਗਰ ਨਿਗਮ ਵਲੋਂ ਡਿਸਪੈਂਸਰੀ ਦੀ ਉਸਾਰੀ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਇਸ ਦੌਰਾਨ 27 ਨਵੰਬਰ 2017 ਨੂੰ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਹੋਰਨਾਂ ਅਕਾਲੀ-ਭਾਜਪਾ ਕੌਂਸਲਰਾਂ ਦੇ ਸਹਿਯੋਗ ਨਾਲ ਮਤਾ ਨੰਬਰ 297 ਪਾਸ ਕਰਵਾਇਆ ਗਿਆ ਸੀ ਜਿਸਦੇ ਤਹਿਤ 14 ਲੱਖ 97 ਹਜਾਰ ਰੁਪਏ ਦੇ ਖਰਚੇ ਨਾਲ ਡਿਸਪੈਂਸਰੀ ਦੀ ਇਮਾਰਤ ਦੀ ਉਸਾਰੀ ਕੀਤੀ ਜਾਣੀ ਸੀ| ਉਹਨਾਂ ਕਿਹਾ ਕਿ ਨਿਗਮ ਵਲੋਂ ਮਤਾ ਪਾਸ ਕਰਕੇ ਇਸਨੂੰ ਵਿਭਾਗੀ ਪ੍ਰਵਾਨਗੀ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਕੋਲ ਭੇਜ ਦਿੱਤਾ ਗਿਆ ਸੀ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੀ ਪਹੁੰਚ ਦਾ ਫਾਇਦਾ ਲੈ ਕੇ ਦੋ ਸਾਲ ਤੱਕ ਇਸਦੀ ਪ੍ਰਵਾਨਗੀ ਨਹੀਂ ਹੋਣ ਦਿੱਤੀ ਸੀ ਤਾਂ ਜੋ ਇਸਦਾ ਕ੍ਰੈਡਿਟ ਅਕਾਲੀ ਭਾਜਪਾ ਗਠਜੋੜ ਨੂੰ ਨਾ ਮਿਲੇ| 
ਉਹਨਾਂ ਦੱਸਿਆ ਕਿ ਕਾਫੀ ਕੋਸਿਸ਼ਾਂ ਦੇ ਬਾਅਦ 25 ਜੁਲਾਈ 2019 ਨੂੰ ਇਸ ਮਤੇ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਪ੍ਰਵਾਨਗੀ ਮਿਲ ਗਈ ਸੀ ਜਿਸਤੋਂ ਬਾਅਦ ਨਿਗਮ ਵਲੋਂ ਇਸ ਸੰਬੰਧੀ ਟੈਂਡਰ ਜਾਰੀ ਕੀਤੇ ਗਏ ਸਨ ਅਤੇ ਬੀਤੀ 3 ਮਾਰਚ ਨੂੰ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ ਸੀ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤੋਂ ਹੀ ਚਲ ਰਹੇ ਇਸ ਕੰਮ ਦਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਅੱਜ ਆਪਣੇ ਨਾਮ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ| 
ਉਹਨਾਂ ਕਿਹਾ ਕਿ ਚੰਗਾ ਹੁੰਦਾ ਕਿ ਮੰਤਰੀ ਵਲੋਂ ਸੋਹਾਣਾਂ ਨੂੰ ਕੋਈ ਛੋਟਾ ਹਸਪਤਾਲ ਦਿੱਤਾ ਜਾਂਦਾ ਅਤੇ ਪਿੰਡ ਵਾਸੀ ਉਹਨਾਂ ਦਾ ਗੁਣਗਾਨ ਵੀ ਕਰਦੇ ਪਰੰਤੂ ਮੰਤਰੀ ਵਲੋਂ  ਝੂਠੀ ਸ਼ੋਹਰਤ ਖੱਟਣ ਲਈ ਹੋਛੀ ਰਾਜਨੀਤੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਮੰਤਰੀ ਨੂੰ ਆਪਣੀਆਂ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਦੇ ਸੁਧਾਰ ਵੱਲ ਧਿਆਨ             ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪਿੰਡ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਇਸ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਉਹਨਾਂ ਵਲੋਂ ਹੀ ਸ਼ੁਰੂ ਕਰਵਾਇਆ ਗਿਆ ਹੈ ਅਤੇ ਮੰਤਰੀ ਵਲੋਂ ਨੀਂਹ ਪੱਥਰ ਰੱਖੇ ਜਾਣ ਨਾਲ ਲੋਕ ਗੁੰਮਰਾਹ ਨਹੀਂ ਹੋਣਗੇ| ਇਸ ਮੌਕੇ ਉਹਨਾਂ ਦੇ ਸਾਬਕਾ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਨੰਬਰਦਾਰ ਹਰਸੰਗਤ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *