ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਵਾਉਣ ਚੱਲਿਆ ਸੀ ਪੰਜ ਮਹੀਨੇ ਪਹਿਲਾਂ ਵਿਆਹਿਆ ਫੌਜੀ ਪਹਿਲੀ ਪਤਨੀ ਨੇ ਗੁਰੂਦੁਆਰਾ ਸਾਹਿਬ ਪੁੱਜ ਕੇ ਆਨੰਦ ਕਾਰਜ ਕਰਵਾਉਂਦੇ ਫੌਜੀ ਪਤੀ ਨੂੰ ਰੰਗੇ ਹੱਥੀ ਕੀਤਾ ਕਾਬੂ

ਘਨੌਰ, 10 ਜੁਲਾਈ (ਅਭਿਸ਼ੇਕ ਸੂਦ) ਜਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਦੇ ਗੁਰਦਵਾਰਾ ਸਾਹਿਬ ਵਿਖੇ ਜਬਰਜੰਗ ਸਿੰਘ ਨਾਮ ਦੇ ਇੱਕ ਫੌਜੀ ਵਲੋਂ ਕਰਵਾਏ ਜਾ ਰਹੇ ਆਪਣੇ ਦੂਜੇ  ਵਿਆਹ ਵਿਚ ਉਸ ਵੇਲੇ ਖਲਬਲੀ ਮਚ ਗਈ ਜਦੋਂ ਉਕਤ ਫੌਜੀ ਜਬਰਜੰਗ ਸਿੰਘ ਦੀ ਪਹਿਲੀ ਪਤਨੀ ਮਨਜੀਤ ਕੌਰ  ਨੇ ਆਪਣੇ ਪਿਤਾ ਦੇ ਨਾਲ ਮੌਕੇ ਤੇ ਪਹੁੰਚ ਕੇ ਆਨੰਦ ਕਾਰਜ ਕਰਵਾ ਰਹੇ ਆਪਣੇ ਪਤੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਮੌਕੇ ਤੇ ਪੁਲੀਸ ਬੁਲਾ  ਕੇ ਆਪਣੇ ਪਤੀ ਨੂੰ ਘਨੌਰ ਪੁਲੀਸ ਦੇ ਹਵਾਲੇ ਕਰ ਦਿਤਾ| ਘਨੌਰ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ  ਦੂਜਾ ਵਿਆਹ ਕਰਵਾ ਰਹੇ ਫੌਜੀ ਜਬਰਜੰਗ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ ਗਿਆ ਹੈ| 
ਆਰੋਪੀ ਫੌਜੀ ਦੀ ਪਹਿਲੀ ਪਤਨੀ ਮਨਜੀਤ ਕੌਰ ਨੇ ਦੱਸਿਆ ਕੀ ਉਸ ਦਾ ਵਿਆਹ ਇਸੇ ਸਾਲ 21ਜਨਵਰੀ ਨੂੰ ਜਬਰਜੰਗ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਭੈਣੀ ਚੂਹੜ ਜਿਲ੍ਹਾ ਬਠਿੰਡਾ  ਨਾਲ ਹੋਇਆ ਸੀ| ਉਸਨੇ ਕਿਹਾ ਕਿ ਵਿਆਹ ਤੋਂ ਬਾਅਦ ਪਤੀ ਦੀਆਂ ਹਰਕਤਾਂ ਕਾਰਨ ਉਹ ਆਪਣੇ ਘਰ ਚਲੀ ਗਈ ਜਿਸ ਤੋਂ ਬਾਅਦ ਉਸਦੇ ਪਤੀ ਜਬਰਜੰਗ ਸਿੰਘ ਅਤੇ ਉਸਦੀਆਂ ਦੌ ਭੈਣਾਂ ਨੇ ਸਾਜਿਸ਼ ਕਰਕੇ ਜਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਦੀ ਇੱਕ ਲੜਕੀ ਨਾਲ ਉਸ ਦਾ ਵਿਆਹ ਤੈਅ ਕਰ ਦਿੱਤਾ ਅਤੇ ਉਸਨੂੰ ਤਲਾਕ ਦਿੱਤੇ ਬਿਨਾ ਵਿਆਹ ਸਮਾਗਮ ਵੀ ਉਲੀਕ ਲਿਆ| ਉਸਨੇ ਦੱਸਿਆ ਕਿ ਇਸ ਵਿਆਹ ਦੀ ਜਾਣਕਾਰੀ ਮਿਲਣ ਤੇ ਉਸਨੇ ਆਪਣੇ ਪਤੀ ਨੂੰ ਆਨੰਦ ਕਾਰਜ ਕਰਵਾਉਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਮੌਕੇ ਤੇ ਪੁਲੀਸ ਸੱਦ ਕੇ ਉਸਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ| 
ਥਾਣਾ ਘਨੌਰ ਵਿੱਚ ਤੈਨਾਤ ਏਐਸਆਈ ਸ਼ੇਰ ਸਿੰਘ ਨੇ ਦਸਿਆ ਕਿ ਪੁਲੀਸ ਵਲੋਂ ਆਰੋਪੀ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਦੇ ਆਧਾਰ ਤੇ ਦੂਜਾ ਵਿਆਹ ਕਰਵਾਉਂਦਿਆਂ ਮੌਕੇ ਤੋਂ ਕਾਬੂ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਮਹਿਲਾ ਦੇ ਪਤੀ ਜਬਰਜੰਗ ਸਿੰਘ ਅਤੇ ਉਸ ਦੀਆ ਦੋ ਭੈਣਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਆਰੋਪੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ ਗਿਆ ਹੈ|

Leave a Reply

Your email address will not be published. Required fields are marked *