ਪਹਿਲੀ ਬਰਸਾਤ ਨੇ ਖੋਲ੍ਹੀ ਪਾਣੀ ਨਿਕਾਸੀ ਦੇ ਸਰਕਾਰੀ ਦਾਅਵਿਆਂ ਦੀ ਪੋਲ

ਐਸ. ਏ. ਐਸ. ਨਗਰ, 7 ਜੂਨ (ਸ.ਬ.) ਬੀਤੀ ਰਾਤ ਅਤੇ ਅੱਜ  ਸਵੇਰੇ ਪਈ ਭਰਵੀਂ ਬਰਸਾਤ ਨੇ ਆਪਣੇ ਪਹਿਲੇ ਹੀ ਝਟਕੇ ਵਿੱਚ ਪਾਣੀ ਦੀ ਨਿਕਾਸੀ ਪ੍ਰਸ਼ਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਸ਼ਹਿਰ ਵਿੱਚ ਕਈ ਥਾਵਾਂ ਤੇ ਪਾਣੀ ਖੜ੍ਹਾ ਹੋ ਗਿਆ|
ਮੁਹਾਲੀ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿੱਚ ਸਥਿਤ ਪਾਰਕਾਂ ਵਿੱਚ ਹਰ ਪਾਸੇ ਹੀ ਪਾਣੀ ਖੜਾ ਨਜਰ ਆ ਰਿਹਾ ਸੀ , ਜਿਸ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਪਾਰਕਾਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਛੱਪੜ ਵਾਂਗ ਖੜਾ ਸੀ| ਹਰ ਵਾਰ ਹੀ ਬਰਸਾਤ ਪੈਣ ਕਾਰਨ ਪਾਰਕਾਂ ਵਿੱਚ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਮੱਖੀ ਮੱਛਰ ਪੈਦਾ ਹੋ ਜਾਂਦੇ ਹਨ|
ਇਸੇ ਤਰ੍ਹਾਂ ਸ਼ਹਿਰ ਵਿੱਚ ਬਣੇ ਵੱਖ – ਵੱਖ ਗੋਲ ਚੱਕਰਾਂ ਦੁਆਲੇ ਵੀ ਬਰਸਾਤੀ ਪਾਣੀ ਖੜਾ ਹੋ ਗਿਆ| ਅਸਲ ਵਿੱਚ ਪੂਰੇ ਸ਼ਹਿਰ ਵਿੱਚ ਹੀ ਰੋਡ ਗਲੀਆਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਇਹ ਗੰਦਾ  ਪਾਣੀ ਸੜਕਾਂ ਉਪਰ ਹੀ ਖੜਾ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ|
ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਅਤੇ ਗੋਲ ਚੱਕਰਾਂ ਦੁਆਲੇ ਖੜੇ ਬਰਸਾਤੀ ਪਾਣੀ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ| ਸ਼ਹਿਰ ਵਾਸੀ ਸਵਾਲ ਕਰ ਰਹੇ ਹਨ ਕਿ ਅਜੇ ਤਾਂ ਬਰਸਾਤਾਂ ਦਾ ਸੀਜਨ ਸ਼ੁਰੂ ਵੀ ਨਹੀਂ ਹੋਇਆ, ਹੁਣੇ ਹੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ| ਆਉਣ ਵਾਲੇ ਬਰਸਾਤਾਂ ਦੇ ਸੀਜਨ ਦੌਰਾਨ ਤਾਂ ਸ਼ਹਿਰ  ਵਿੱਚ ਹਰ ਪਾਸੇ ਗੰਦਾ ਪਾਣੀ ਹੀ ਨਜਰ ਆਵੇਗਾ|

Leave a Reply

Your email address will not be published. Required fields are marked *