ਪਹਿਲੀ ਬਰਸਾਤ ਨੇ ਨਗਰ ਕੌਂਸਲ ਦੇ ਵਿਕਾਸ ਕੰਮਾਂ ਦੀ ਖੋਲੀ ਪੋਲ

ਖਰੜ, 9 ਜੂਨ (ਕੁਸ਼ਲ ਆਨੰਦ) ਨਗਰ ਕੌਂਸਲ ਖਰੜ ਵਲੋਂ ਸ਼ਹਿਰ ਵਿੱਚ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਨਾਮ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਜੇਕਰ ਕਿਸੇ ਕਾਰਨ ਨਗਰ ਕੌਂਸਲ ਦੀ ਕਾਰਗੁਜਾਰੀ ਉਤੇ ਸਵਾਲੀਆ ਚਿੰਨ੍ਹ ਲੱਗਣ ਤਾਂ ਕਿਸੇ ਨਾ ਕਿਸੇ ਨੂੰ (ਸੰਬਧਿਤ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ) ਤਾਂ ਇਸਦੀ ਜਵਾਬਦੇਹੀ ਲਈ ਤਿਆਰ ਹੋਣਾ ਹੀ ਚਾਹੀਦਾ ਹੈ ਕਿਉਂਕਿ ਇਹਨਾਂ ਕੰਮਾਂ ਨੂੰ ਕਰਵਾਉਣ ਦੀ ਜਿੰਮੇਵਾਰੀ ਇਹਨਾਂ ਦੀ ਹੀ ਹੁੰਦੀ ਹੈ| ਖਰੜ ਵਿੱਚ ਕੁੱਝ ਸਮਾਂ ਪਹਿਲਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਈਆਂ ਗਈਆਂ ਸਨ ਅਤੇ ਇਹਨਾਂ ਉੱਤੇ ਸੀਮਿੰਟ ਦੇ ਪੇਵਰ ਬਲਾਕ ਲਗਾਏ ਗਏ ਸਨ ਪਰੰਤੂ ਖਰੜ ਵਿੱਚ ਪਈ ਪਹਿਲੀ ਬਰਸਾਤ ਨੇ ਨਗਰ ਕੌਂਸਲ ਖਰੜ ਦੇ 17-18 ਲੱਖ ਰੁਪਏ ਦੇ ਇਸ ਟੈਂਡਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ|
ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸ਼ਹਿਰ ਦੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਕ੍ਰਿਸ਼ਚੀਅਨ ਸਕੂਲ ਤੋਂ ਗਾਂਧੀ ਬਾਜ਼ਾਰ ਤੋਂ ਹੁੰਦੇ ਹੋਏ ਵੱਡੇ ਦਰਵਾਜੇ ਤੱਕ ਵਡੀਆਂ ਪਾਈਪਾਂ, ਗਟਰ ਤੇ ਪੇਵਰ ਬਲਾਕ ਪਾਏ ਜਾਣ ਦਾ ਠੇਕਾ ਨਗਰ ਕੌਂਸਲ ਖਰੜ ਵਲੋਂ ਦਿੱਤਾ ਗਿਆ ਸੀ ਪਰੰਤੂ ਨਗਰ ਕੌਂਸਲ ਦੇ ਅਧਿਕਾਰੀਆ ਨੇ ਠੇਕੇਦਾਰ ਵਲੋਂ ਕੀਤੇ ਗਏ ਕੰਮ ਦੀ ਮੌਕੇ ਤੇ ਜਾਂਚ ਤੱਕ ਨਹੀਂ ਕੀਤੀ ਅਤੇ ਨਾ ਹੀ ਉਸ ਵਲੋਂ ਪਾਏ ਜਾ ਰਹੇ ਮਟੀਰੀਅਲ ਦੀ ਗੁਣਵਤਾ ਨੂੰ ਜਾਂਚਿਆ ਗਿਆ| ਹੁਣ ਥਾਣਾ ਸਦਰ ਦੇ ਸਾਹਮਣੇ ਅਤੇ ਪੁਰਾਣੀ ਰਾਮਲੀਲਾ ਮੈਦਾਨ ਦੇ ਅੱਗੇ ਲਗਾਏ ਗਏ ਪੇਵਰ ਬਲਾਕ (ਸੀਮਿੰਟ ਦੀਆਂ ਟਾਈਲਾਂ) ਕਈ ਥਾਵਾਂ ਤੇ ਜਮੀਨ ਵਿੱਚ ਧਸ ਗਈਆਂ ਹਨ| ਸੂਤਰਾਂ ਅਨੁਸਾਰ ਇਸ ਪ੍ਰੋਜੈਕਟ ਦਾ 10 ਤੋਂ 15 ਫੀਸਦੀ ਕੰਮ ਹੀ ਮੁਕੰਮਲ ਹੋਇਆ ਹੈ ਜਿਸ ਦੀ ਲਾਗਤ 2.50 ਲੱਖ ਤੋਂ 4 ਲੱਖ ਵਿੱਚ ਦੱਸੀ ਗਈ ਹੈ ਅਤੇ ਬਾਕੀ ਦਾ ਕੰਮ ਅਗਲੇ ਹਫਤੇ ਗਾਂਧੀ ਬਾਜ਼ਾਰ ਤੋਂ ਸ਼ੁਰੂ ਕੀਤਾ ਜਾਣਾ ਹੈ|
ਸੂਤਰ ਦੱਸਦੇ ਹਨ ਕਿ ਨਗਰ ਕੌਂਸਲ ਵਲੋਂ ਠੇਕੇਦਾਰ ਨੂੰ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਠੇਕੇਦਾਰ ਵਲੋਂ ਇਸ ਕੰਮ ਦਾ ਠੇਕਾ ਲਿਆ ਗਿਆ ਹੈ ਉਸ ਦੇ ਕੰਮ ਉਤੇ ਪਹਿਲੀ ਹੀ ਬਰਸਾਤ ਦੌਰਾਨ ਸਵਾਲੀਆ ਚਿੰਨ ਲੱਗ ਗਿਆ ਹੈ ਅਤੇ ਬਾਕੀ ਦਾ ਕੰਮ ਕਿਸ ਤਰੀਕੇ ਨਾਲ ਹੋਵੇਗਾ ਇਸ ਬਾਰੇ ਸਵਾਲ ਉਠ ਰਹੇ ਹਨ| ਖਰੜ ਦੇ ਸਮਾਜ ਸੇਵੀ ਆਗੂ ਸ੍ਰੀ ਕੇ ਕੇ ਥਾਪਰ ਨੇ ਨਗਰ ਕੌਂਸਲ ਖਰੜ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਇਸ ਠੇਕੇਦਾਰ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਕਿਸੇ ਦੂਜੇ ਠੇਕੇਦਾਰ ਨੂੰ ਕੰਮ ਦਿਤਾ ਜਾਵੇ| ਇਸਦੇ ਨਾਲ ਨਾਲ ਇਹ ਵੀ ਯਕੀਨੀ ਕੀਤਾ ਜਾਵੇ ਕਿ ਸਬੰਧਿਤ ਅਧਿਕਾਰੀ ਠੇਕੇਦਾਰ ਵਲੋਂ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵਤਾ ਦੀ ਸਮੇ ਸਿਰ ਜਾਂਚ ਕਰਨ|

Leave a Reply

Your email address will not be published. Required fields are marked *