ਪਹਿਲੀ ਵਾਰ ਕਿਸੇ ਭਾਰਤੀ ਦੇ ਸਿਰ ਸਜਿਆ ‘ਮਿਸਟਰ ਵਰਲਡ’ ਦਾ ਤਾਜ਼, ਹੈਦਰਾਬਾਦੀ ਮੁੰਡੇ ਨੇ ਮਾਰੀਆਂ ਮੱਲਾਂ

ਸਾਊਥ ਪੋਰਟ, 20 ਜੁਲਾਈ (ਸ.ਬ.) ਪਹਿਲੀ ਵਾਰ ਕਿਸੇ ਭਾਰਤੀ ਨੇ ਮਿਸਟਰ ਵਰਲਡ ਦਾ ਟਾਈਟਲ ਜਿੱਤ ਕੇ ਪੂਰੇ ਭਾਰਤ ਹੀ ਨਹੀਂ ਸਗੋਂ     ਏਸ਼ੀਆ ਦਾ ਨਾਂ ਰੌਸ਼ਨ ਕਰ ਦਿੱਤਾ ਹੈ| ‘ਮਿਸਟਰ ਵਰਲਡ-2016’ ਦਾ ਤਾਜ ਹੈਦਰਾਬਾਦ ਦੇ ਮੁੰਡੇ ਰੋਹਿਤ ਖੰਡੇਲਵਾਲ ਦੇ ਸਿਰ ਸਜਿਆ ਹੈ| ਇਸ ਦੇ ਨਾਲ ਹੀ ਉਹ ਪਿਛਲੇ 20 ਸਾਲਾਂ ਤੋਂ ਆਯੋਜਿਤ ਹੋ ਰਹੇ ਇਸ ਮੁਕਾਬਲੇ ਵਿਚ ਪਹਿਲੀ ਵਾਰ ਕਿਸੇ ਭਾਰਤੀ ਨੇ ਇਹ ਉਪਲੱਬਧੀ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ| ਇਹ ਮੁਕਾਬਲਾ ਯੂ. ਕੇ. ਦੇ ਸਾਊਥ ਪੋਰਟ ਦੇ ਫਲੋਰਲ ਹਾਲ ਵਿਚ ਆਯੋਜਿਤ ਕੀਤਾ ਗਿਆ ਸੀ| 27 ਸਾਲਾ ਰੋਹਿਤ ਨੇ ਇਸ ਮੁਕਾਬਲੇ ਵਿਚ 47 ਨੌਜਵਾਨਾਂ ਨੂੰ ਪਛਾੜ ਕੇ ਇਹ ਖਿਤਾਬ ਹਾਸਿਲ ਕੀਤਾ| ਰੋਹਿਤ ਨੂੰ ਜੇਤੂ ਦੇ ਰੂਪ ਵਿਚ 50 ਹਜ਼ਾਰ ਡਾਲਰ (ਲਗਭਗ 33 ਲੱਖ 60 ਹਜ਼ਾਰ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ|
ਰੋਹਿਤ ਨੂੰ ਇਸ ਮੁਕਾਬਲੇ ਵਿਚ ਮਿਸਟਰ ਵਰਲਡ ਮਲਟੀਮੀਡੀਆ ਐਵਾਰਡ, ਮਿਸਟਰ ਵਰਲਡ ਟੇਲੈਂਟ, ਮਾਬਸਟਾਰ ਪੀਪੁਲ ਚੁਆਇਸ ਐਵਾਰਡ, ਮਿਸਟਰ ਵਰਲਡ ਸਪੋਰਟਸ ਇਵੈਂਟ ਵਰਗੇ ਹੋਰ ਵੀ ਐਵਾਰਡਜ਼ ਮਿਲੇ| ਮੁਕਾਬਲੇ ਵਿਚ ਮਿਸਟਰ ਪਿਊਰਤੋਰਿਕੋ ਫਰਸਟ ਰਨਰਅਪ ਅਤੇ ਮਿਸਟਰ ਮੈਕਸੀਕੋ ਦੂਜੇ ਰਨਰਅਪ ਰਹੇ| ਰੋਹਿਤ ਨੇ ਮਿਸਟਰ ਵਰਲਡ-2016 ਦਾ ਟਾਈਟਲ ਜਿੱਤਣ ਤੋਂ ਬਾਅਦ ਕਿਹਾ ਕਿ ਉਸ ਯਕੀਨ ਨਹੀਂ ਹੋ ਰਿਹਾ ਹੈ ਕਿ ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਬਣ ਗਿਆ ਹੈ|
ਰੋਹਿਤ ਦਾ ਜਨਮ 19 ਅਗਸਤ, 1989 ਨੂੰ ਹੈਦਰਾਬਾਦ ਵਿਚ ਹੋਇਆ ਸੀ| ਉਹ ਸਪਾਈਸ ਜੈਟ ਦੇ ਗਰਾਊਂਡ ਸਟਾਫ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਹਨ| ਇਸ ਤੋਂ ਬਾਅਦ ਉਨ੍ਹਾਂ ਨੇ ‘ਯੇ ਹੈ ਆਸ਼ਿਕੀ’ ਲੜੀਵਾਰ ਤੋਂ ਟੀ. ਵੀ. ਦੀ ਦੁਨੀਆ ਵਿਚ ਕੰਮ ਸ਼ੁਰੂ ਕੀਤਾ ਸੀ| ਇਕ ਤੋਂ ਬਾਅਦ ਇਕ ਉਨ੍ਹਾਂ ਨੇ ‘ਮਿਲੀਅਨ ਡਾਲਰ ਗਰਲ’, ‘ਕ੍ਰਿਸ’, ‘ਐਮ. ਟੀ. ਵੀ. ਬਿਗ ਐਫ.’ ਅਤੇ ‘ਪਿਆਰ ਤੂਨੇ ਕਿਆ ਕੀਆ’ ਵਰਗੇ ਲੜੀਵਾਰਾਂ ਵਿਚ ਕੰਮ ਕੀਤਾ| ਰੋਹਿਤ, ਕਰੀਨਾ ਕਪੂਰ ਨਾਲ ਇਕ ਜਿਊਲਰੀ ਐਡਵਰਟਾਈਜ਼ਮੈਂਟ ਵਿਚ ਵੀ ਨਜ਼ਰ ਆ ਚੁੱਕੇ ਹਨ| 2015 ਵਿਚ ਪ੍ਰੋਵੇਗ ਪਰਸਨਲ ਕੇਅਰ ਮਿਸਟਰ ਇੰਡੀਆ ਖਿਤਾਬ ਜਿੱਤਣ ਵਾਲੇ ਰੋਹਿਤ ਦੀ ਜ਼ਿੰਦਗੀ ਇਸ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ| ਉਸ ਨੂੰ ਕਈ ਬਾਲੀਵੁੱਡ ਫਿਲਮਾਂ ਤੋਂ ਆਫਰ ਆ ਰਹੇ ਸਨ ਪਰ ਉਸ ਨੇ ‘ਮਿਸਟਰ ਵਰਲਡ-2016’ ਮੁਕਾਬਲੇ ਵਿਚ ਹਿੱਸਾ ਲੈ ਕੇ ਭਾਰਤ ਦਾ ਮਾਣ ਵਧਾਉਣ ਦੇ ਮੌਕੇ ਨੂੰ ਚੁਣਿਆ|

Leave a Reply

Your email address will not be published. Required fields are marked *