ਪਹਿਲੇ ਦੋ ਦਿਨਾਂ ਦੌਰਾਨ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ

ਐਸ.ਏ.ਐਸ ਨਗਰ, 12 ਜਨਵਰੀ (ਸ.ਬ.) ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦੋ ਦਿਨਾਂ ਦੌਰਾਨ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ 052-ਖਰੜ 053-ਐਸ.ਏ.ਐਸ. ਨਗਰ ਅਤੇ 112-ਹਲਕਾ ਡੇਰਾਬਸੀ ਲਈ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲੜਨ ਦਾ ਚਾਹਵਾਨ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 18 ਜਨਵਰੀ ਤੱਕ ਸਬੰਧਿਤ ਰੀਟਰਨਿੰਗ ਅਫ਼ਸਰਾਂ ਕੋਲ ਨਿਰਧਾਰਿਤ ਸਥਾਨਾਂ ਤੇ ਸਵੇਰੇ 11 ਵਜ਼ੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖਲ ਕਰਵਾ ਸਕਦੇ ਹਨ|
ਸ੍ਰੀ ਮਾਂਗਟ ਨੇ ਦੱਸਿਆ ਕਿ ਮਿਤੀ 14 ਅਤੇ 15 ਜਨਵਰੀ, 2017 ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ| ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਜਨਵਰੀ ਨੂੰ ਹੋਵੇਗੀ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ|  ਵੋਟਾਂ 4 ਫਰਵਰੀ ਦਿਨ ਸ਼ਨੀਵਾਰ ਨੂੰ  ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਪਾਈਆਂ ਜਾ ਸਕਣਗੀਆਂ| ਵੋਟਾਂ ਦੀ ਗਿਣਤੀ 11 ਮਾਰਚ 2017 ਨੂੰ ਹੋਵੇਗੀ| ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 052-ਖਰੜ ਤੋਂ ਲੜਨ ਵਾਲੇ ਉਮੀਦਵਾਰ ਆਪਣੇ ਕਾਗਜ ਐਸ.ਡੀ.ਐਮ. ਦਫਤਰ ਖਰੜ ਵਿਖੇ ਰਿਟਰਨਿੰਗ ਅਫਸਰ ਕਮ-ਐਸ.ਡੀ.ਐਮ. ਖਰੜ ਕੋਲ ਦਾਖਲ ਕਰਵਾ ਸਕਣਗੇ ਅਤੇ ਹਲਕਾ 53-ਐਸ.ਏ.ਐਸ. ਨਗਰ  ਲਈ ਚੋਣ ਲੜਨ ਵਾਲੇ ਉਮੀਦਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਐਸ.ਡੀ.ਐਮ. ਦੇ ਦਫਤਰ ਵਿਖੇ ਰਿਟਰਨਿੰਗ ਅਫਸਰ ਕਮ-ਐਸ.ਡੀ.ਐਮ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾ ਸਕਣਗੇ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 112-ਹਲਕਾ ਡੇਰਾਬਸੀ ਲਈ ਚੋਣ ਲੜਣ ਵਾਲੇ ਉਮੀਦਵਾਰ ਤਹਿਸੀਲ ਕੰਪਲੈਕਸ ਡੇਰਾਬਸੀ ਵਿਖੇ ਐਸ.ਡੀ.ਐਮ. ਦਫਤਰ ‘ਚ ਰਿਟਰਨਿੰਗ ਅਫਸਰ ਕਮ-ਕਮ ਐਸ.ਡੀ.ਐਮ. ਡੇਰਾਬਸੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣਗੇ| ਉਨ੍ਹਾਂ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣਾ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਭਰ ਕੇ ਲੋੜੀਂਦੇ ਦਸਤਾਵੇਜਾਂ ਸਮੇਤ ਸਬੰਧਤ ਰਿਟਰਨਿਗ ਅਫ਼ਸਰ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ ਤੇ ਪੇਸ ਹੋ ਕੇ   ਦੇਣਾ ਹੈ | ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਉਮੀਦਵਾਰ ਨੂੰ ਵੈਬਸਾਈਟ ਤੇ  ਨੋਮੀਨੇਸ਼ਨ ਪੋਰਟਲ ਤੇ ਨਾਮਜਦਗੀ ਪੱਤਰ ਆਨਲਾਈਨ ਭਰਕੇ ਪ੍ਰਿੰਟ ਆਉਟ ਲੈਣ ਉਪਰੰਤ, ਹਸਤਾਖਰ ਕਰਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਜਮ੍ਹਾਂ ਕਰਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ ਤਾਂ ਜੋ ਨਾਮਜਦਗੀ ਪੱਤਰ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਸਕੇ| ਪਰੰਤੂ ਨਾਮਜਦਗੀ ਪੋਰਟਲ ਦੀ ਵਰਤੋਂ ਕਰਨੀ ਕਿਸੇ ਵੀ ਉਮੀਦਵਾਰ ਲਈ ਲਾਜ਼ਮੀ ਵੀ ਨਹੀਂ| ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਨਾਮਜਦਗੀ ਭਰਨ ਵੇਲੇ ਉਸ ਸਮੇਤ ਪੰਜ ਤੋਂ ਵਧੇਰੇ ਵਿਅਕਤੀਆਂ ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ , ਜਦਕਿ 100 ਮੀਟਰ ਦੇ ਘੇਰੇ ਵਿੱਚ ਉਮੀਦਵਾਰਾਂ ਦੀਆਂ ਤਿੰਨ ਤੋਂ ਵੱਧ ਗੱਡੀਆਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ|

Leave a Reply

Your email address will not be published. Required fields are marked *