ਪਾਕਿਸਤਾਨੀ ਕੈਦੀਆਂ ਦੀ ਰਿਹਾਈ ਸਬੰਧੀ  ‘ਆਪ’ ਵਲੋਂ ਮੋਦੀ ਸਰਕਾਰ ਦੀ ਨਿਖੇਧੀ

ਨਵੀਂ ਦਿੱਲੀ, 13 ਜੂਨ (ਸ.ਬ.) ਆਮ ਆਦਮੀ ਪਾਰਟੀ ਨੇ 11 ਪਾਕਿਸਤਾਨੀ ਕੈਦੀਆਂ ਦੀ ਚੁੱਪਚਾਪ ਰਿਹਾਈ ਦੇ ਮਾਮਲੇ ਵਿੱਚ ਮੋਦੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ| ਪਾਰਟੀ ਨੇਤਾ ਆਸ਼ੂਤੋਸ਼ ਨੇ ਮੀਡੀਆ ਵਿੱਚ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਕਿਹਾ ਕਿ ਇਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਰਾਸ਼ਟਰਵਾਦੀ ਹੋਣ ਦਾ ਦਾਅਵਾ ਕਰਦੀ ਹੈ, ਉੱਥੇ ਹੀ ਦੂਜੇ ਪਾਸੇ 11 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਰਹੀ ਹੈ|
ਭਾਜਪਾ ਦੇ ਲੋਕ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਗੱਲ ਕਰਦੇ ਹਨ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਹੱਥ ਮਿਲਾਉਂਦੇ ਹਨ|
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ 518 ਭਾਰਤੀ ਕੈਦੀਆਂ ਵਿੱਚੋਂ 9 ਨੂੰ ਸਜ਼ਾ ਦੀ ਮਿਆਦ ਪੂਰੀ ਹੋ ਜਾਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਗਿਆ ਹੈ, ਜਦੋਂ ਕਿ ਭਾਰਤ ਸਰਕਾਰ ਨੇ 11 ਪਾਕਿਸਤਾਨੀ ਕੈਦੀਆਂ ਨੂੰ ਚੁੱਪਚਾਪ ਰਿਹਾਅ ਕਰ ਦਿੱਤਾ ਹੈ|
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਹਿੰਦੀ ਹੈ ਕਿ ਅੱਤਵਾਦ ਅਤੇ ਵਾਰਤਾ ਇਕੱਠੇ ਨਹੀਂ ਹੋ ਸਕਦੇ ਤਾਂ ਫਿਰ ਕਿਸ ਆਧਾਰ ਤੇ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ| ਇਸ ਤੋਂ ਕੀ ਸਮਝਿਆ ਜਾਵੇ ਕਿ ਸਰਕਾਰ 2 ਤਰ੍ਹਾਂ ਦੀ ਵਿਦੇਸ਼ ਨੀਤੀ ਤੇ ਕੰਮ ਕਰ ਰਹੀ ਹੈ| ‘ਆਪ’ ਨੇਤਾ ਨੇ ਕਿਹਾ ਕਿ ਸਰਕਾਰ ਨੂੰ ਇਸ ਤੇ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ| ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੀ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਜਾਸੂਸੀ ਦੇ ਦੋਸ਼ ਵਿੱਚ ਪਾਕਿਸਤਾਨ ਦੀ ਜੇਲ ਵਿੱਚ ਬੰਦ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਅਤੇ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਕਾਫੀ ਤਣਾਅਪੂਰਨ ਹੋ ਚੁਕੇ ਹਨ|

Leave a Reply

Your email address will not be published. Required fields are marked *