ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫਰੀਦੀ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਸ਼ਾਰਜਾਹ (ਯੂ.ਏ.ਈ), 20 ਫਰਵਰੀ (ਸ.ਬ.) ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਸ਼ਾਹਿਦ ਅਫਰੀਦੀ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ| ਇਸ ਦੇ ਨਾਲ ਹੀ 21 ਸਾਲ ਦਾ ਸ਼ਾਨਦਾਰ ਅਤੇ ਕਈ ਵਾਰ ਵਿਵਾਦਾਂ ਵਿੱਚ ਆਇਆ ਉਨ੍ਹਾਂ ਦਾ ਕੈਰੀਅਰ ਖਤਮ ਹੋ ਗਿਆ| ਦਰਅਸਲ, ਅਫਰੀਦੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੰਕੇਤ ਦੇ ਦਿੱਤੇ ਸਨ ਕਿ ਉਨ੍ਹਾਂ ਦਾ ਕੌਮਾਂਤਰੀ ਕੈਰੀਅਰ ਲਗਭਗ ਖਤਮ ਹੋ ਗਿਆ ਹੈ| ਉਨ੍ਹਾਂ ਕਿਹਾ ਸੀ ਕਿ ਉਹ ਹੁਣ ਫ੍ਰੀਲਾਂਸ ਕ੍ਰਿਕਟਰ ਬਣਨਾ ਚਾਹੁੰਦੇ ਹਨ ਅਤੇ ਦੁਨੀਆਂ ਭਰ ਦੀਆਂ ਵੱਖ-ਵੱਖ ਲੀਗਾਂ ਵਿੱਚ ਖੇਡਣ ਦਾ ਲੁਤਫ ਲੈਣਾ ਚਾਹੁੰਦੇ ਹਨ| 36 ਸਾਲ ਦਾ ਇਹ ਸਟਾਰ ਟੈਸਟ ਅਤੇ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕਾ ਹੈ, ਪਰ ਪਿਛਲੇ ਸਾਲ ਭਾਰਤ ਵਿੱਚ ਆਯੋਜਿਤ ਟੀ-20 ਵਿਸ਼ਵ ਕੱਪ ਵਿੱਚ ਉਨ੍ਹਾਂ ਪਾਕਿਸਤਾਨੀ ਟੀਮ ਦੀ ਕਪਤਾਨੀ ਕੀਤੀ ਸੀ| ਅਫਰੀਦੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਤੇ ਉਦੋਂ ਦੇ ਰਾਜ ਕਰਨ ਲੱਗੇ ਜਦ ਸਾਲ 1996 ਵਿੱਚ ਉਨ੍ਹਾਂ ਸ਼੍ਰੀਲੰਕਾ ਵਿਰੁੱਧ ਖੇਡਦੇ ਹੋਏ ਕੇਵਲ 37 ਗੇਂਦਾਂ ਤੇ ਸੈਂਕੜਾ ਜੜ ਦਿੱਤਾ ਸੀ| ਇਹ ਉਨ੍ਹਾਂ ਦਾ ਦੂਸਰਾ ਹੀ ਮੈਚ ਸੀ| ਉਨ੍ਹਾਂ ਦੇ ਬਣਾਏ ਇਸ ਰਿਕਾਰਡ ਨੂੰ 17 ਸਾਲ ਤੱਕ ਕੋਈ ਨਹੀਂ ਤੋੜ ਸਕਿਆ ਸੀ|
ਆਪਣੇ ਕੈਰੀਅਰ ਦੀ ਦੂਸਰੀ ਪਾਰੀ ਵਿੱਚ ਉਹ ਅਫਰੀਦੀ ਗੇਂਦਬਾਜ਼ ਦੇ ਤੌਰ ਤੇ ਸਥਾਪਿਤ ਹੋ ਗਏ ਅਤੇ ਟੀ-20 ਕ੍ਰਿਕਟ ਵਿੱਚ ਪਾਕਿਸਤਾਨ ਦੀ ਸ਼ੁਰੂਆਤੀ ਸਫਲਤਾ ਦਾ ਦਾਰੋਮਦਾਰ ਉਨ੍ਹਾਂ ਤੇ ਹੀ ਸੀ| ਖਾਸ ਕਰਕੇ, ਸਾਲ 2009 ਵਿੱਚ ਪਾਕਿਸਤਾਨ ਦੀ ਜਿੱਤ ਵਿੱਚ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਰਹੀ ਸੀ| ਅਫਰੀਦੀ ਨੇ ਆਪਣੇ ਕੌਮਾਂਤਰੀ ਕੈਰੀਅਰ ਵਿੱਚ ਕੇਵਲ 27 ਟੈਸਟ              ਖੇਡੇ| ਇਨ੍ਹਾਂ ਵਿੱਚ ਉਨ੍ਹਾਂ ਨੇ 1,176 ਸਕੋਰ ਬਣਾਏ| ਉਨ੍ਹਾਂ ਦਾ ਸਰਵੋਤਮ ਸਕੋਰ 156 ਰਿਹਾ ਅਤੇ ਉਨ੍ਹਾਂ ਨੇ 48 ਵਿਕਟਾਂ ਵੀ ਲਈਆਂ|
ਇਕ-ਰੋਜ਼ਾ ਕ੍ਰਿਕਟ ਵਿੱਚ ਅਫਰੀਦੀ ਨੇ ਕੁੱਲ 398 ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 8,064 ਦੌੜਾਂ ਬਣਾਈਆਂ| ਇਕ-ਰੋਜ਼ਾ ਵਿੱਚ ਅਫਰੀਦੀ ਦਾ ਸਰਵੋਤਮ ਸਕੋਰ 124 ਦੌੜਾਂ ਰਹੀਆਂ, ਜਦੋਂਕਿ ਆਪਣੀ ਲੈਗ ਸਪਿਨ ਗੇਂਦਬਾਜ਼ੀ ਨਾਲ ਉਨ੍ਹਾਂ ਕੁੱਲ 395 ਵਿਕਟਾਂ ਵੀ ਆਪਣੇ ਨਾਂ ਕੀਤੀਆਂ| ਇਸੇ ਤਰ੍ਹਾਂ ਟੀ-20 ਕੌਮਾਂਤਰੀ ਕ੍ਰਿਕਟ ਕੈਰੀਅਰ ਵਿੱਚ ਉਨ੍ਹਾਂ ਕੁੱਲ 98 ਮੈਚ ਖੇਡੇ| ਇਨ੍ਹਾਂ ਵਿੱਚ ਅਫਰੀਦੀ ਨੇ 1,405 ਦੌੜਾਂ ਬਣਾਈਆਂ ਅਤੇ ਕੁੱਲ 97 ਵਿਕਟਾਂ ਵੀ ਹਾਸਿਲ ਕੀਤੀਆਂ|

Leave a Reply

Your email address will not be published. Required fields are marked *