ਪਾਕਿਸਤਾਨੀ ਸੈਨੇਟ ਨੇ ਇਤਿਹਾਸਕ ਹਿੰਦੂ ਵਿਆਹ ਬਿੱਲ ਕੀਤਾ ਪਾਸ

ਇਸਲਾਮਾਬਾਦ, 18 ਫਰਵਰੀ (ਸ.ਬ.) ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂਆਂ ਦੇ ਵਿਆਹ ਪ੍ਰੋਗਰਾਮਾਂ ਨਾਲ ਜੁੜੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਅਹਿਮ ਬਿੱਲ ਨੂੰ    ਸੈਨੇਟ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ ਅਤੇ ਹੁਣ ਰਾਸ਼ਟਰਪਤੀ ਦੇ ਹਸਤਾਖਰ ਤੋਂ ਬਾਅਦ ਇਹ ਬਿੱਲ ਕਾਨੂੰਨ ਵਿੱਚ ਤਬਦੀਲ ਹੋ ਜਾਵੇਗਾ| ਹਿੰਦੂ ਵਿਆਹ ਬਿੱਲ 2017 ਨੂੰ ਸੈਨੇਟ ਵਲੋਂ ਪਾਸ ਕਰ ਦਿੱਤਾ ਗਿਆ| ਇਹ ਹਿੰਦੂ ਭਾਈਚਾਰੇ ਦਾ ਪਹਿਲਾ ਵਿਸਤਾਰਿਤ ਪਰਸਨਲ ਲਾਅ ਹੈ|          ਹੇਠਲੇ ਸਦਨ ਜਾਂ ਨੈਸ਼ਨਲ ਅਸੈਂਬਲੀ ਬਿੱਲ ਨੂੰ 15 ਸਤੰਬਰ 2015 ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈ ਅਤੇ ਕਾਨੂੰਨ ਦਾ ਰੂਪ ਲੈਣ ਲਈ ਇਸ ਨੂੰ ਸਿਰਫ ਰਾਸ਼ਟਰਪਤੀ ਦੇ ਦਸਤਖਤ ਦੀ ਦਰਕਾਰ ਹੈ, ਜੋ ਕਿ ਸਿਰਫ ਇਕ ਰਸਮ ਹੈ| ‘ਡਾਨ ਨਿਊਜ਼’ ਨੇ ਖਬਰ ਦਿੱਤੀ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਇਸ ਬਿੱਲ ਨੂੰ ਵਿਆਪਕ ਤੌਰ ਤੇ ਸਵੀਕਾਰ ਕਰਦੇ ਹਨ ਕਿਉਂਕਿ ਇਹ ਵਿਆਹ, ਵਿਆਹ ਦੀ ਰਜਿਸਟ੍ਰੇਸ਼ਨ, ਵੱਖ ਹੋਣ ਅਤੇ ਮੁੜ ਵਿਆਹ ਨਾਲ ਸਬੰਧਿਤ ਹਨ| ਇਸ ਵਿੱਚ ਲੜਕੇ ਅਤੇ ਲੜਕੀ ਦੋਵਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੈਅ ਕੀਤੀ ਗਈ ਹੈ| ਇਸ ਬਿੱਲ ਦੀ ਮਦਦ ਨਾਲ ਹਿੰਦੂ ਔਰਤਾਂ ਹੁਣ ਆਪਣੇ ਵਿਆਹ ਦਾ ਦਸਤਾਵੇਜ਼ੀ ਸਬੂਤ ਹਾਸਲ ਕਰ ਸਕਣਗੀਆਂ| ਇਹ ਪਾਕਿਸਤਾਨੀ ਹਿੰਦੂਆਂ ਲਈ ਪਹਿਲਾਂ ਪਰਸਨਲ ਲਾਅ ਹੋਵੇਗਾ ਜੋ ਪੰਜਾਬ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਵਿੱਚ ਲਾਗੂ ਹੋਵੇਗਾ| ਸਿੰਧ ਸੂਬਾ ਪਹਿਲਾਂ ਹੀ ਆਪਣਾ ਹਿੰਦੂ ਵਿਆਹ ਬਿੱਲ ਤਿਆਰ ਕਰ ਚੁੱਕਾ ਹੈ| ਬਿੱਲ ਨੂੰ ਸੈਨੇਟ ਵਿੱਚ ਕਾਨੂੰਨ ਮੰਤਰੀ ਜਾਹਿਦ ਹਮੀਦ ਨੇ ਪੇਸ਼ ਕੀਤਾ, ਜਿਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ| ਇਹ ਇਸ ਲਈ ਹੋਇਆ ਕਿਉਂਕਿ ਸੰਬੰਧਿਤ ਸਥਾਈ ਕਮੇਟੀਆਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਮਦਰਦੀ ਵਾਲਾ ਨਜ਼ਰੀਆ ਜ਼ਾਹਿਰ ਕੀਤਾ ਸੀ|
ਸੈਨੇਟ ਫੰਕਸ਼ਨਲ ਕਮੇਟੀ ਆਨ ਹਿਊਮਨ ਰਾਈਟਸ ਨੇ ਦੋ ਜਨਵਰੀ ਨੂੰ ਜ਼ਬਰਦਸਤ ਬਹੁਮਤ ਨਾਲ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ|

Leave a Reply

Your email address will not be published. Required fields are marked *