ਪਾਕਿਸਤਾਨੀ ਸੰਸਦ ਵਿੱਚ ਕਸ਼ਮੀਰੀਆਂ ਨਾਲ ਇਕਜੁਟਤਾ ਜਤਾਉਣ ਵਾਲਾ ਮਤਾ ਪਾਸ

ਇਸਲਾਮਾਬਾਦ, 7 ਫਰਵਰੀ (ਸ.ਬ.) ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ ਹੈ| ਕੋਈ ਵੀ ਮੰਚ ਹੋਵੇ ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਆਪਣਾ ਰੋਣਾ ਰੋਂਦਾ ਹੈ| ਹੁਣ ਪਾਕਿਸਤਾਨ ਦੀ ਸੰਸਦ ਨੇ ਕਸ਼ਮੀਰੀਆਂ ਨਾਲ ਇਕਜੁਟਤਾ ਦਿਖਾਉਣ ਲਈ ਆਮ ਰਾਇ ਨਾਲ ਇਕ ਮਤਾ ਪਾਸ ਕੀਤਾ ਹੈ| ਕਸ਼ਮੀਰ ਮਾਮਲਿਆਂ ਦੇ ਮੰਤਰੀ ਬਰਜੀਸ ਤਾਹਿਰ ਵਲੋਂ ਨੈਸ਼ਨਲ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਮਤੇ ਵਿੱਚ ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਕ ਸਵੈ-ਨਿਰਣੇ ਦੇ ਅਧਿਕਾਰ ਲਈ ਕਸ਼ਮੀਰੀਆਂ ਦੇ ਸੰਘਰਸ਼ ਨੂੰ ਰਾਜਨੀਤਕ, ਨੈਤਿਕ ਅਤੇ ਕੂਟਨੀਤਕ ਸਮਰਥਨ ਦਿੱਤਾ ਹੈ|
ਮਤੇ ਵਿਚ ਭਾਰਤ ਦੇ ਹਾਸੋਹੀਣ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ| ਇਸ ਮਤੇ ਵਿੱਚ ਕਸ਼ਮੀਰ ਵਿੱਚ ਹੋ ਰਹੇ ਮਨੁਖੀ ਅਧਿਕਾਰਾਂ ਦੇ ਉਲੰਘਣ ਦੀ ਨਿੰਦਾ ਕੀਤੀ ਗਈ ਅਤੇ ਇਸ ਮੁੱਦੇ ਤੇ ਕੌਮਾਂਤਰੀ ਭਾਈਚਾਰੇ ਦੀ ਲੰਬੀ ਚੁੱਪ ਤੇ ਅਫਸੋਸ ਵੀ ਜ਼ਾਹਰ ਕੀਤਾ ਗਿਆ ਹੈ| ਇਸ ਦੇ ਨਾਲ ਹੀ ਮਤੇ ਵਿੱਚ ਕੌਮਾਂਤਰੀ ਭਾਈਚਾਰੇ ਤੋਂ ਸਥਿਤੀ ਦੀ ਗੰਭੀਰਤਾ ਤੇ ਧਿਆਨ ਦੇਣ ਅਤੇ ਭਾਰਤ ਤੋਂ ਮਨੁੱਖੀ ਅਧਿਕਾਰਾਂ ਅਤੇ ਸਵੈ-ਨਿਰਣੇ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਮੰਗ ਕੀਤੀ ਗਈ|
ਜ਼ਿਕਰਯੋਗ ਹੈ ਕਿ ਇਸ ਮਤੇ ਦੇ ਪਾਸ ਹੋਣ ਦੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਮੁੱਦੇ ਨੂੰ ‘ਵੰਡ ਦਾ ਅਧੂਰਾ ਏਜੰਡਾ’ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿੱਚ ਵਿਵਾਦ ਦਾ ਸਭ ਤੋਂ ਪੁਰਾਣਾ ਮੁੱਦਾ ਦੱਸਿਆ ਸੀ| ਉਨ੍ਹਾਂ ਕਿਹਾ ਸੀ ਕਿ ਜੰਮੂ-ਕਸ਼ਮੀਰ, ਪਾਕਿਸਤਾਨ ਅਤੇ ਭਾਰਤ ਵਿਚਾਲੇ ਮੁੱਖ ਵਿਵਾਦ ਹੈ| ਇਸ ਮੁੱਦੇ ਨੂੰ ਹੱਲ ਕੀਤੇ ਬਿਨਾਂ ਸ਼ਾਂਤੀ ਅਤੇ ਖੇਤਰ ਦੇ ਲੋਕਾਂ ਦੀ ਖੁਸ਼ਹਾਲੀ ਦਾ ਸੁਪਨਾ ਅਧੂਰਾ ਰਹੇਗਾ|

Leave a Reply

Your email address will not be published. Required fields are marked *