ਪਾਕਿਸਤਾਨ : ਆਮ ਚੋਣਾਂ ਉੱਪਰ ਪਿਆ ਹਿੰਸਾ ਦਾ ਪਰਛਾਵਾਂ

ਪਾਕਿਸਤਾਨ : ਆਮ ਚੋਣਾਂ ਉੱਪਰ ਪਿਆ ਹਿੰਸਾ ਦਾ ਪਰਛਾਵਾਂ
ਕੋਇਟਾ ਵਿਖੇ ਹੋਏ ਬੰਬ ਧਮਾਕੇ ਵਿੱਚ 35 ਵਿਅਕਤੀ ਹਲਾਕ, 30 ਜਖਮੀ
ਲਾਹੌਰ , 25 ਜੁਲਾਈ (ਸ.ਬ.) ਪਾਕਿਸਤਾਨ ਵਿੱਚ ਅੱਜ ਕੌਮੀ ਅਤੇ ਚਾਰ ਸੂਬਾ ਅਸੰਬਲੀਆਂ ਲਈ ਹੋਈਆਂ ਆਮ ਚੋਣਾਂ ਉਪਰ ਉਸ ਸਮੇਂ ਹਿੰਸਾ ਦਾ ਪਰਛਾਵਾਂ ਪੈ ਗਿਆ ਜਦੋਂ ਚੋਣ ਅਮਲ ਦੌਰਾਨ ਪਾਕਿਸਤਾਨ ਦੇ ਕੋਇਟਾ ਵਿੱਚ ਹੋਏ ਧਮਾਕੇ ਵਿੱਚ ਕਰੀਬ 35 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵਧੇਰੇ ਜਖਮੀ ਹੋ ਗਏ| ਇਸਦੇ ਬਾਵਜੂਦ ਚੋਣ ਅਮਲ ਜਾਰੀ ਰਿਹਾ ਅਤੇ ਲੋਕ ਉਤਸ਼ਾਹ ਨਾਲ ਵੋਟਾਂ ਪਾਉਂਦੇ ਰਹੇ|
ਪਾਕਿਸਤਾਨ ਦੇ 10.59 ਕਰੋੜ ਵੋਟਰਾਂ ਵਿਚੋਂ ਵੱਡੀ ਗਿਣਤੀ ਵੋਟਰਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਚੋਣ ਲਈ ਵੋਟਾਂ ਪਾਈਆਂ| ਇਹਨਾਂ ਆਮ ਚੋਣਾਂ ਲਈ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਪੂਰੇ ਦੇਸ਼ ਵਿੱਚ 85 ਹਜਾਰ ਪੋਲਿੰਗ ਬੂਥਾਂ ਉਪਰ 3.70 ਲੱਖ ਫੌਜੀ ਜਵਾਨ ਤੈਨਾਤ ਕੀਤੇ ਗਏ ਸਨ|
ਇਸੇ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਪਾਕਿਸਤਾਨ ਦੇ 8 ਚੋਣ ਹਲਕਿਆਂ ਵਿੱਚ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿੱਥੇ ਕਿ ਬਾਅਦ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ| ਚੋਣਾਂ ਦੇ ਮੱਦੇਨਜਰ ਅੱਜ ਪਾਕਿਸਤਾਨ ਵਿੱਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਕਿ ਸਾਰੇ ਲੋਕ ਆਪਣੀਆਂ ਵੋਟਾਂ ਪਾ ਸਕਣ|
ਪਾਕਿਸਤਾਨ ਵਿੱਚ ਲਸ਼ਕਰ ਏ ਤੋਇਬਾ ਦੇ ਮੁਖੀ ਅਤੇ 26-11 ਬੰਬ ਧਮਾਕੇ ਦੇ ਦੋਸ਼ੀ ਹਾਫਿਜ ਸਈਦ ਨੇ ਵੀ ਆਪਣੀ ਵੋਟ ਪਾਈ|
ਲਾਹੋਰ ਦੇ ਇਕ ਪੋਲਿੰਗ ਬੂਥ ਦੇ ਬਾਹਰ ਖੜੀਆਂ ਅਨੇਕਾਂ ਔਰਤਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨੀ ਦੀ ਫੌਜ ਉਹਨਾਂ ਨ ੂੰ ਪੋਲਿੰਗ ਬੂਥ ਵਿਚ ਜਾਣ ਤੋਂ ਰੋਕ ਰਹੀ ਹੈ ਤਾਂ ਕਿ ਉਹ ਆਪਣੀਆਂ ਵੋਟਾਂ ਨਾ ਪਾ ਸਕਣ|
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਬ ਸਰੀਫ ਦੀ ਮਾਂ ਨੇ ਵੀ ਆਪਣੀ ਵੋਟ ਪਾਈ|
ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ 25 ਜੁਲਾਈ ਨੂੰ ਪਾਕਿਸਤਾਨ ਵਿੱਚ ਚੋਣਾਂ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ|
ਪਾਕਿਸਤਾਨ ਦੇ ਰਾਸ਼ਟਰਪਤੀ ਸਮਨੂਨ ਹੁਸੈਨ ਨੇ ਆਪਣੀ ਪਤਨੀ ਸਮੇਤ ਕਰਾਚੀ ਵਿਖੇ ਆਪਣੀ ਵੋਟ ਪਾਈ| ਖੈਬਰ ਪਖਤੂਨਬਾ ਦੇ ਕਈ ਇਲਾਕਿਆਂ ਵਿੱਚ ਔਰਤਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ | ਪਾਕਿਸਤਾਨ ਦੇ ਡਾਰ ਇਲਾਕੇ ਵਿੱਚ ਔਰਤਾਂ ਨੇ ਅੱਜ ਪਹਿਲੀ ਵਾਰੀ ਵੋਟਾਂ ਪਾਈਆਂ|
ਪਾਕਿਸਤਾਨ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ| ਇਹ ਦੂਜੀ ਵਾਰ ਹੈ, ਜਦੋਂ ਪਾਕਿਸਤਾਨ ਵਿੱਚ ਸਰਕਾਰ ਆਪਣਾ ਕਾਰਜਕਾਲ ਪੂਰਾ ਕਰ ਚੁਕੀ ਹੈ|
ਪਾਕਿਸਤਾਨ ਦੇ ਚੋਣ ਕਮਿਸ਼ਨ ਅਨੁਸਾਰ ਪਾਕਿਸਤਾਨ ਦੀ ਕੌਮੀ ਅੰਸਬਲੀ ਦੇ 272 ਹਲਕਿਆਂ ਲਈ 3459 ਉਮੀਦਵਾਰ ਮੈਦਾਨ ਵਿੱਚ ਸਨ, ਜਦੋਂ ਕਿ ਚਾਰ ਸੂਬੇ ਪੰਜਾਬ, ਸਿੰਧ, ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਦੇ 577 ਆਮ ਹਲਕਿਆਂ ਵਿੱਚ 8396 ਉਮੀਦਵਾਰ ਚੋਣ ਮੈਦਾਨ ਵਿੱਚ ਸਨ| ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਜੋ ਕਿ ਖਬਰ ਲਿਖੇ ਜਾਣ ਤਕ ਜਾਰੀ ਸੀ|
ਪਾਕਿਸਤਾਨ ਦੇ ਖੈਬਰ ਪਖਤੂਨਬਾ ਦੇ ਪਿਸ਼ਾਵਰ ਸ਼ਹਿਰ ਤੋਂ ਸ. ਰਾਦੇਸ਼ ਸਿੰਘ ਟੋਨੀ ਨੇ ਵੀ ਚੋਣ ਲੜੀ, ਉਹ ਪਾਕਿਸਤਾਨ ਦੀਆਂ ਚੋਣਾਂ ਦੌਰਾਨ ਜਨਰਲ ਸੀਟ ਤੋਂ ਇਕੋ ਇਕ ਸਿੱਖ ਉਮੀਦਵਾਰ ਸਨ|

Leave a Reply

Your email address will not be published. Required fields are marked *