ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ : ਰਾਜਨਾਥ

ਨਵੀਂ ਦਿੱਲੀ, 22 ਫਰਵਰੀ (ਸ.ਬ.) ਪਾਕਿਸਤਾਨ ਵੱਲੋਂ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਦੇ ਖਿਲਾਫ ਚੁੱਕੇ ਗਏ ਕਦਮ ਤੇ ਅੱਜ  ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ| ਜਾਣਕਾਰੀ ਅਨੁਸਾਰ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ| ਉਨ੍ਹਾਂ ਨੇ ਕਿਹਾ ਕਿ ਹਾਫਿਜ ਸਈਦ ਵਰਗਾ ਅੱਤਵਾਦੀ ਪੂਰੀ ਮਨੁੱਖਤਾ ਲਈ ਖਤਰਨਾਕ ਹੈ| ਅਜਿਹੇ ਅੱਤਵਾਦੀ ਦੀ ਸਿਰਫ ਨਜ਼ਰਬੰਦੀ ਨਾਲ ਕੰਮ ਨਹੀਂ ਚੱਲੇਗਾ| ਹਾਫਿਜ ਵਰਗੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ|
ਜ਼ਿਕਰਯੋਗ ਹੈ ਕਿ ਸਰਕਾਰ ਨੇ ਸਈਦ ਅਤੇ ਜਮਾਤ-ਉਦ ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ ਚਾਰ ਹੋਰ ਨੇਤਾਵਾਂ ਨੂੰ ਦੇਸ਼ ਦੇ ਅੱਤਵਾਦੀ ਵਿਰੋਧੀ ਕਾਨੂੰਨ ਦੇ ਅਧੀਨ 30 ਜਨਵਰੀ ਨੂੰ ਲਾਹੌਰ ਵਿੱਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਪਾਰਟੀ ਅਤੇ ਸਹਿਯੋਗੀਆਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਸੀ| ਇਸ ਤੋਂ ਬਾਅਦ ਹਾਫਿਜ ਸਈਦ, ਮਲਿਕ ਜਫਰ ਇਕਬਾਲ, ਅਬਦੁਰ ਰਹਿਮਾਨ ਆਬਿਦ, ਕਾਜੀ ਕਾਸ਼ਿਫ ਹੁਸੈਨ ਅਤੇ ਅਬਦੁੱਲਾ ਉਬੈਦ ਨੇ ਸੀਨੀਅਰ ਵਕੀਲ ਏ. ਕੇ. ਡੋਗਰ ਰਾਹੀਂ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ| ਇਸ ਤੋਂ ਇਲਾਵਾ ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫਿਜ ਸਈਦ ਅਤੇ ਉਸ ਦੇ ਸਹਿਯੋਗੀਆਂ ਨੂੰ ਜਾਰੀ ਕੀਤੇ ਗਏ ਸਾਰੇ 44 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ|

Leave a Reply

Your email address will not be published. Required fields are marked *