ਪਾਕਿਸਤਾਨ ਦੀ ਮਾਡਲ ਵਿਰੁੱਧ ਅਦਾਲਤ ਨੇ ਮੁੜ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਰਾਵਲਪਿੰਡੀ, 4 ਜੁਲਾਈ (ਸ.ਬ.)  ਪਾਕਿਸਤਾਨ ਦੀ ਬਹੁਚਰਚਿਤ ਮਾਡਲ ਅਯਾਨ ਅਲੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕਰੰਸੀ ਦੂਜੇ ਦੇਸ਼ ਵਿੱਚ ਲਿਜਾਣ ਦੇ ਮਾਮਲੇ ਵਿੱਚ 2015 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਹਾਲਾਂਕਿ ਕੁਝ ਮਹੀਨੇ ਜੇਲ ਵਿੱਚ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ| ਅਯਾਨ ਅਲੀ 23 ਫਰਵਰੀ 2017 ਨੂੰ ਪਾਕਿਸਤਾਨ ਛੱਡ ਕੇ ਦੁਬਈ ਚਲੀ ਗਈ| ਅਲੀ ਦੇ ਦੁਬਈ ਚਲੇ ਜਾਣ ਤੋਂ ਬਾਅਦ ਫਿਰ ਤੋਂ ਇਸਲਾਮਾਬਾਦ ਦੀ ਕਸਟਮ ਅਦਾਲਤ ਨੇ ਉਨ੍ਹਾਂ ਵਿਰੁੱਧ ਨਵਾਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ| ਅਦਾਲਤ ਦਾ ਕਹਿਣਾ ਹੈ ਕਿ ਪਿਛਲੀਆਂ 12 ਸੁਣਵਾਈਆਂ ਵਿੱਚੋਂ ਇਕ ਵੀ ਸੁਣਵਾਈ ਵਿੱਚ ਅਲੀ ਨਹੀਂ ਪਹੁੰਚੀ, ਜਿਸ ਦੇ ਚੱਲਦੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ|
ਇਸ ਕੇਸ ਦੀ ਸੁਣਵਾਈ ਦੌਰਾਨ ਇਸਲਾਮਾਬਾਦ ਦੀ ਅਦਾਲਤ ਨੇ ਪੁਲੀਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਅਲੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ   ਪੇਸ਼ ਕੀਤਾ ਜਾਵੇ| ਉਥੇ ਹੀ ਸੁਣਵਾਈ ਦੇ ਸਮੇਂ ਅਲੀ ਦੇ ਵਕੀਨ ਨੇ ਅਦਾਲਤ ਵਿੱਚ ਕਿਹਾ ਕਿ ਅਲੀ ਦੀ ਮਾਂ ਬੀਮਾਰ ਹੈ ਜਿਸ ਕਾਰਨ ਉਹ ਨਹੀਂ ਆ ਸਕਦੀ| ਉਹ ਆਪਣੀ ਮਾਂ ਦੀ ਦੇਖਭਾਲ ਵਿੱਚ ਰੁੱਝੀ ਹੋਈ ਹੈ| ਵਕੀਲ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਅਯਾਨ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ ਇਸ ਲਈ ਹੀ ਉਹ ਵਿਦੇਸ਼ ਗਈ ਹੈ| ਵਕੀਲ ਨੂੰ ਇਸ ਦਾ ਜਵਾਬ ਦਿੰਦੇ ਹੋਏ ਜਸਟਿਸ ਸ਼ੀਰਾਜ਼ ਕਾਯਾਨੀ ਨੇ ਗੁੱਸੇ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਤੁਹਾਡੀ ਕਲਾਇੰਟ ਬੀਮਾਰ ਸੀ| ਇੰਨੇ ਨੋਟਿਸ ਭੇਜੇ ਜਾਣ ਤੋਂ ਬਾਅਦ ਵੀ ਅਲੀ ਅਦਾਲਤ ਵਿੱਚ ਪੇਸ਼ ਨਹੀਂ ਹੋਈ ਅਤੇ ਉਹ ਬਿਨ੍ਹਾਂ ਇਜਾਜ਼ਤ ਲਏ ਵਿਦੇਸ਼ ਚਲੀ ਗਈ ਹੈ|  ਦੱਸਣਯੋਗ ਹੈ ਕਿ ਕਿ ਨਵੰਬਰ 2015 ਵਿੱਚ ਅਯਾਨ ਅਲੀ ਨੂੰ ਇਸਲਾਮਾਬਾਦ ਸਥਿਤ ਬੇਨਜ਼ੀਰ ਭੱਟ ਕੌਮਾਂਤਰੀ ਹਵਾਈਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ| ਏਅਰਪੋਰਟ ਅਧਿਕਾਰੀਆਂ ਨੂੰ ਅਯਾਨ ਅਲੀ ਦੇ ਬੈਗ ਵਿੱਚੋਂ 5 ਲੱਖ ਡਾਲਰ ਬਰਾਮਦ ਹੋਏ ਸਨ| ਅਯਾਨ ਇਸ ਕਰੰਸੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਤੋਂ ਦੁਬਈ ਲੈ ਕੇ ਜਾ ਰਹੀ ਸੀ, ਇਸ ਲਈ ਉਨ੍ਹਾਂ ਨੂੰ ਹਵਾਈ ਅੱਡੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ| ਉਹ ਕਰੀਬ 4 ਮਹੀਨੇ ਤੱਕ ਰਾਵਲਪਿੰਡੀ ਸਥਿਤ ਅਦਿਆਲਾ  ਜੇਲ ਵਿੱਚ ਬੰਦ ਰਹੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ| ਫਿਲਹਾਲ ਅਲੀ ਨੇ ਆਪਣਾ ਗੁਨਾਹ ਨਹੀਂ ਮੰਨਿਆਂ ਹੈ| ਜੇਕਰ ਉਹ ਇਸ ਮਾਮਲੇ ਵਿੱਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸਨੂੰ ਜ਼ੁਰਮਾਨੇ ਸਮੇਤ 10 ਸਾਲ ਤੱਕ ਦੀ ਜੇਲ ਹੋ ਸਕਦੀ ਹੈ|

Leave a Reply

Your email address will not be published. Required fields are marked *