ਪਾਕਿਸਤਾਨ ਦੇ ਜਨਰਲ ਨੂੰ ਜੱਫੀ ਪਾਉਣ ਦੇ ਮਾਮਲੇ ਤੇ ਵਿਵਾਦ ਬੋਲੋੜਾ : ਸਿੱਧੂ

ਪਾਕਿਸਤਾਨ ਦੇ ਜਨਰਲ ਨੂੰ ਜੱਫੀ ਪਾਉਣ ਦੇ ਮਾਮਲੇ ਤੇ ਵਿਵਾਦ ਬੋਲੋੜਾ : ਸਿੱਧੂ
ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਵੀ ਪਾਉਂਦੇ ਰਹੇ ਹਨ ਪਾਕਿਸਤਾਨੀ ਆਗੂਆਂ ਨੂੰ ਜੱਫੀਆਂ
ਚੰਡੀਗੜ੍ਹ, 21 ਅਗਸਤ (ਸ.ਬ.) ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਪਾਕਿਸਤਾਨ ਫੇਰੀ ਦੌਰਾਨ ਪਾਕਿਸਤਾਨੀ ਫੌਜ ਦੇ ਮੁੱਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਤੇ ਉਠੇ ਵਿਵਾਦ ਦਾ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੇ ਕੁੱਝ ਗਲਤ ਨਹੀਂ ਕੀਤਾ ਅਤੇ ਜੇਕਰ ਉਹਨਾਂ ਵਲੋਂ ਅਜਿਹਾ ਕਰਨ ਤੇ ਉਹਨਾਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤਾਂ ਕੀ ਪਾਕਿਸਤਾਨ ਜਾ ਕੇ ਉੱਥੋਂ ਦੇ ਆਗੂਆਂ ਨੂੰ ਜੱਫੀਆਂ ਪਾਉਣ ਵਾਲੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਅਜਿਹਾ ਹੀ ਸਮਝਿਆ ਜਾਵੇ| ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਭਾਰਤੀ ਫੌਜੀਆਂ ਦੀਆਂ ਸ਼ਹੀਦੀਆਂ ਨੂੰ ਮੁੱਦਾ ਬਣਾ ਰਹੇ ਹਨ ਉਹਨਾਂ ਨੂੰ ਇਹ ਗੱਲ ਸਮਝਣੀਪਵੇਗੀ ਕਿ ਜੇ ਦੇਸ਼ ਦੇ ਫੌਜੀਆਂ ਨੂੰ ਬਚਾਉਣਾ ਹੈ ਤਾਂ ਦੋਵਾਂ ਦੇਸ਼ਾਂ ਵਿੱਚ ਆਪਸੀ ਨਿੱਘ ਅਤੇ ਪਿਆਰ ਵਾਲਾ ਮਾਹੌਲ ਬਣਾਏ ਜਾਣ ਦੀ ਜ਼ਰੂਰਤ ਹੈ ਅਤੇ ਜੇਕਰ ਸਾਡਾ ਦੇਸ਼ ਨਫਰਤ ਦੀ ਨੀਤੀ ਛੱਡਕੇ ਦੋਸਤੀ ਦਾ ਹੱਥ ਵਧਾਏਗਾ ਤਦ ਹੀ ਪਾਕਿਸਤਾਨ ਵੱਲੋਂ ਚੰਗਾ ਹੁੰਗਾਰਾ ਆਉਣ ਦੀ ਸੰਭਾਵਨਾ ਹੈ| ਸਿੱਧੂ ਅਨੁਸਾਰ ਉਕਤ ਤੱਥਾਂ ਦੀ ਪੁਸ਼ਟੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਕਰ ਚੁੱਕੇ ਹਨ|
ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਕਿਸਤਾਨੀ ਫੌਜ ਮੁਖੀ ਨੂੰ ਜੱਫੀ ਇਹੋ ਸਦਭਾਵਨਾ ਵਾਲਾ ਮਾਹੌਲ ਬਣਾਏ ਜਾਣ ਦਾ ਪ੍ਰਤੀਕ ਸੀ ਕਿਉਂਕਿ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਲਈ ਜੱਫੀਆਂ ਪਾਉਣੀਆਂ ਅਤੇ ਦੋਸਤੀ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਉਹ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਿੱਜੀ ਸੱਦੇ ਤੇ ਉੱਥੇ ਗਏ ਸਨ ਜਦੋਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਬਿਨਾਂ ਬੁਲਾਏ ਉੱਥੇ ਪਹੁੰਚ ਗਏ ਸਨ, ਫਿਰ ਉਹਨਾਂ (ਸਿੱਧੂ) ਦੇ ਪਾਕਿਸਤਾਨ ਜਾਣ ਤੇ ਕਿੰਤੂ ਪ੍ਰੰਤੂ ਕਿਉਂ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਉਹ ਕਿਸੇ ਸਿਆਸੀ ਆਗੂ ਦੇ ਤੌਰ ਤੇ ਨਹੀਂ ਬਲਕਿ ਆਪਣੇ ਦੋਸਤ ਦੇ ਸੱਦੇ ਤੇ ਉੱਥੇ ਗਏ ਸਨ ਅਤੇ ਉਹਨਾਂ ਨੇ ਉੱਥੇ ਜਾ ਕੇ ਕੋਈ ਸਿਆਸੀ ਗੱਲ ਵੀ ਨਹੀਂ ਕੀਤੀ|
ਉਹਨਾਂ ਕਿਹਾ ਕਿ ਜਦੋਂ ਜਨਰਲ ਬਾਜਵਾ ਉਹਨਾਂ ਨੂੰ ਮਿਲੇ ਉਦੋਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਸ੍ਰੀ ਗੁਰੂਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਦਾ ਲਾਂਘਾ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਇਸਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਸੀ| ਕੀ ਉਹ ਇਸ ਮੌਕੇ ਆਪਣਾ ਮੂੰਹ ਮੋੜ ਲੈਂਦੇ? ਉਹਨਾਂ ਜੋਰ ਦੇ ਕੇ ਕਿਹਾ ਕਿ ਉਹਨਾਂ ਨੇ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਕੁੱਝ ਗਲਤ ਨਹੀਂ ਕੀਤਾ ਅਤੇ ਇਸਦਾ ਵਿਰੋਧ ਕਰਨ ਵਾਲੇ ਬਿਨਾ ਵਜ੍ਹਾ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ|
ਸਿੱਧੂ ਵਲੋਂ ਜਨਰਲ ਬਾਜਵਾ ਨੂੰ ਜੱਫੀ ਪਾਉਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਟਿੱਪਣੀ ਬਾਰੇ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਆਪਣੀ ਸੋਚ ਹੈ| ਉਹਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਖਿਲਾਫ ਕੁੱਝ ਕਿਹਾ ਹੈ ਤਾ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਵੀ ਉਹਨਾਂ ਦੇ ਖਿਲਾਫ ਬੋਲਣ| ਸਿੱਧੂ ਨੇ ਸਪੱਸ਼ਟ ਕਿਹਾ ਕਿ ਉਹਨਾਂ ਦੇ ਪਾਕਿਸਤਾਨ ਦੌਰੇ ਦਾ ਵਿਰੋਧ ਕਰਨ ਵਾਲੇ ਬਹੁਤ ਛੋਟੀ ਸੋਚ ਦੇ ਮਾਲਕ ਹਨ| ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਉਹਨਾਂ ਦੀ ਹਮਾਇਤ ਕੀਤੀ ਹੈ ਅਤੇ ਪੰਜਾਬ ਦੇ ਲੋਕ ਵੀ ਉਹਨਾਂ ਦੇ ਨਾਲ ਡਟ ਕੇ ਖੜ੍ਹੇ ਹੋਏ ਹਨ ਜਿਸ ਕਾਰਨ ਉਹਨਾਂ ਨੂੰ ਇਸ ਸੰਬੰਧੀ ਕੀਤੇ ਜਾਂਦੇ ਵਿਰੋਧ ਦੀ ਕੋਈ ਪ੍ਰਵਾਹ ਨਹੀਂ ਹੈ| ਉਨ੍ਹਾਂ ਦੁਹਰਾਇਆ ਕਿ ਪਾਕਿਸਤਾਨ ਦੇ ਆਰਮੀ ਚੀਫ ਨੇ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਗੁਰਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣ ਬਾਰੇ ਭਰੋਸਾ ਦਿੱਤਾ ਹੈ| ਇਸ ਮਾਮਲੇ ਤੇ ਬਾਕੀ ਗੱਲ ਕੇਂਦਰ ਸਰਕਾਰ ਨੇ ਅੱਗੇ ਵਧਾਉਣੀ ਹੈ| ਜੇਕਰ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹ ਜਾਂਦਾ ਹੈ ਤਾਂ ਇਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ ਹੋ ਸਕਦੀ|
ਉਹਨਾਂ ਕਿਹਾ ਕਿ ਜਦੋਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਗਏ ਸਨ ਤਾਂ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਹੋਇਆ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਗਏ ਉਸ ਤੋਂ ਬਾਅਦ ਪਠਾਨਕੋਟ ਹਮਲਾ ਹੋ ਗਿਆ ਸੀ, ਪਰ ਹੁਣ ਜੇਕਰ ਉਹਨਾਂ ਦੇ ਜਾਣ ਨਾਲ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਣ ਦੀ ਗੱਲ ਚੱਲੀ ਹੈ (ਜੋ ਸਿੱਖ ਪੰਥ ਲਈ ਬਹੁਤ ਮਹੱਤਵਪੂਰਨ ਹੈ) ਅਤੇ ਇਸ ਗੱਲ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ|

Leave a Reply

Your email address will not be published. Required fields are marked *