ਪਾਕਿਸਤਾਨ ਨੇ ਸਾਰਕ ਸੰਮੇਲਨ ਰੱਦ ਹੋਣ ਦਾ ਭਾਂਡਾ ਭਾਰਤ ਸਿਰ ਭੰਨਣ ਦੀ ਕੀਤੀ ਕੋਸ਼ਿਸ਼

ਇਸਲਾਮਾਬਾਦ, 30 ਜਨਵਰੀ (ਸ.ਬ.) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਬੀਤੇ ਨਵੰਬਰ ਵਿੱਚ ਸਾਰਕ ਸੰਮੇਲਨ ਰੱਦ ਹੋਣ ਦਾ ਭਾਂਡਾ ਭਾਰਤ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਹੈ| ਹਾਲਾਂਕਿ ਸੰਸਾਰ ਜਾਣਦਾ ਹੈ ਕਿ ਭਾਰਤ ਨੇ ਉਸ ਵੇਲੇ ਸੰਮੇਲਨ ਵਿੱਚ ਭਾਗ ਲੈਣ ਤੋਂ ਸਿਰਫ ਇਸ ਲਈ ਨਾਂਹ ਕੀਤੀ ਸੀ ਕਿ ਪਾਕਿਸਤਾਨ ਅੱਤਵਾਦ ਦੀ ਦੁਕਾਨ ਬੰਦ ਕਰੇ ਅਤੇ ਭਾਰਤੀ ਖੇਤਰਾਂ ਵਿੱਚ ਬਿਨਾਂ ਕਾਰਣ ਗੋਲੀਬਾਰੀ ਕਰਨੀ ਬੰਦ ਕਰੇ| ਉਸ      ਵੇਲੇ ਸਾਰਕ ਦੇ ਹੋਰ ਮੈਂਬਰ ਦੇਸ਼ਾਂ ਨੇ ਵੀ ਸੰਮੇਲਨ ਵਿੱਚ ਭਾਗ ਲੈਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਾਰਨ ਪਾਕਿਸਤਾਨ ਨੂੰ ਸੰਮੇਲਨ ਰੱਦ ਕਰਨਾ ਪਿਆ| ਹੁਣ ਫਿਰ ਸਰਤਾਜ ਅਜ਼ੀਜ਼ ਦੇ ਹਵਾਲੇ ਨਾਲ ਵਿਦੇਸ਼ ਵਿਭਾਗ ਨੇ ਇਸ ਤਰ੍ਹਾਂ ਦਾ ਸੰਕੇਤ ਦਿੱਤਾ ਹੈ ਕਿ ਪਾਕਿਸਤਾਨ ਛੇਤੀ ਤੋਂ ਛੇਤੀ ਇਸਲਾਮਾਬਾਦ ਵਿੱਚ 19ਵਾਂ ਸਾਰਕ ਸਿਖਰ ਸੰਮੇਲਨ ਕਰਵਾਉਣਾ ਚਾਹੁੰਦਾ ਹੈ| ਜ਼ਿਕਰਯੋਗ ਹੈ ਕਿ ਸੰਮੇਲਨ ਦੇ ਸਕੱਤਰ ਅਰਜਨ ਬਹਾਦਰ ਥਾਪਾ ਪਿਛਲੇ ਦਿਨੀਂ ਪਾਕਿਸਤਾਨ ਦੀ ਯਾਤਰਾ ਤੇ ਆਏ ਸਨ ਅਤੇ ਅਜ਼ੀਜ਼ ਨੇ ਉਨ੍ਹਾਂ ਨਾਲ ਮੁਲਾਕਾਤ ਵਿੱਚ ਵੀ ਸੰਮੇਲਨ ਛੇਤੀ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ| ਇਸ ਤੋਂ ਇਲਾਵਾ ਅਜ਼ੀਜ਼ ਨੇ ਇਹ ਵੀ ਕਿਹਾ ਕਿ ਭਾਰਤ ਨੇ ਸਾਰਕ ਦੀ ਪ੍ਰਕਿਰਿਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਹੀ ਸੰਮੇਲਨ ਮੁਲਤਵੀ ਕਰਨਾ ਪਿਆ| ਅਜ਼ੀਜ਼ ਦੇ ਨਾਲ-ਨਾਲ ਪਾਕਿਸਤਾਨ ਦੇ ਵਿਦੇਸ਼ ਸਕੱਤਰ ਐਜਾਜ਼ ਅਹਿਮਦ ਚੌਧਰੀ ਨੇ ਵੀ ਥਾਪਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸੰਮੇਲਨ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ, ਤਾਂ ਜੋ ਸਾਰਕ ਦੀ ਪੂਰੀ ਪ੍ਰਕਿਰਿਆ ਨੂੰ ਪਟੜੀ ਤੇ ਲਿਆਂਦਾ ਜਾਵੇ ਅਤੇ ਖੇਤਰੀ ਸਹਿਯੋਗ ਦੇ ਨਿਸ਼ਾਨਿਆਂ ਨੂੰ ਹਾਸਲ ਕੀਤਾ ਜਾ ਸਕੇ|

Leave a Reply

Your email address will not be published. Required fields are marked *