ਪਾਕਿਸਤਾਨ: ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਣ ਮਗਰੋਂ ਪ੍ਰਿੰਸੀਪਲ ਹਿਰਾਸਤ ਵਿੱਚ

ਕਰਾਚੀ, 16 ਮਈ (ਸ.ਬ.) ਪਾਕਿਸਤਾਨ ਵਿੱਚ ਬਲੋਚਿਸਤਾਨ ਸੂਬੇ ਦੇ ਮਾਸਤੁੰਗ ਵਿੱਚ ਇਕ ਕੈਡੇਟ ਕਾਲਜ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ| ਇਸ ਮਗਰੋਂ ਇੱਥੋਂ ਦੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਦੇ ਡੀ. ਆਈ. ਜੀ. ਐਤਜਾਜ ਗੋਰਾਇਆ ਨੇ ਬਲੋਚਿਸਤਾਨ ਉਚ ਅਦਾਲਤ ਦੇ ਬੈਂਚ ਨੂੰ ਬੀਤੇ ਦਿਨੀਂ ਇਸ ਦੀ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਜਾਵੇਦ ਇਕਬਾਲ ਬੰਗਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਅਦਾਲਤ ਨੇ ਵੀਡੀਓ ਦੇਖਣ ਮਗਰੋਂ ਪ੍ਰਿੰਸੀਪਲ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦਾ ਹੁਕਮ ਦਿੱਤਾ ਸੀ| ਇਸ ਵੀਡੀਓ ਵਿੱਚ ਲਾਲ ਰੰਗ ਦੀ ਵਰਦੀ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਮੈਦਾਨ ਵਿੱਚ ਕੁੱਝ ਲੋਕਾਂ ਵੱਲੋਂ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਦਿਆਂ ਦੇਖਿਆ ਜਾ ਸਕਦਾ ਹੈ| ਕੁੱਝ ਵਿਦਿਆਰਥੀਆਂ ਨੂੰ ਦਰਦ ਨਾਲ ਰੋਂਦੇ ਅਤੇ ਕੁੱਟ ਤੋਂ ਬਚਣ ਲਈ ਕੋਸ਼ਿਸ਼ਾਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ| ਅਜਿਹਾ ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਦੇ ਹੁਕਮ ਤੇ 9 ਮਈ ਨੂੰ ਇਸ ਤਰ੍ਹਾਂ ਕੀਤਾ ਗਿਆ| ਇਕ ਪਟੀਸ਼ਨ ਦਾਖਲ ਹੋਣ ਮਗਰੋਂ ਅਦਾਲਤ ਨੇ ਇਸ ਮਾਮਲੇ ਤੇ ਸੁਣਵਾਈ ਕੀਤੀ|
ਗੋਰਾਇਆ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਵਿਦਿਆਰਥੀਆਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ| ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਇਸ ਮਾਮਲੇ ਵਿੱਚ ਇਕ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ|
ਇਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਵਿਦਿਆਰਥੀ ਨੇ ਚੋਰੀ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ| ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਸਜ਼ਾ ਦੇਣ ਲਈ ਸਾਬਕਾ ਵਿਦਿਆਰਥੀਆਂ ਨੂੰ ਬੁਲਾਇਆ ਸੀ| ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸੀਪਲ ਬੰਗਸ਼ ਦੇ ਬੇਟੇ ਨੂੰ ਇਕ ਵਿਦਿਆਰਥੀ ਨੇ ਥੱਪੜ ਮਾਰ ਦਿੱਤਾ ਸੀ, ਜਿਸ ਦੇ ਬਾਅਦ ਵਿਦਿਆਰਥੀਆਂ ਨੂੰ ਇਹ ਸਜ਼ਾ ਦਿੱਤੀ ਗਈ| ਬਲੋਚਿਸਤਾਨ ਸਰਕਾਰ ਨੇ ਸੂਬੇ ਵਿੱਚ ਸਿੱਖਿਅਕ ਸੰਸਥਾਵਾਂ ਵਿੱਚ ਪਹਿਲਾਂ ਹੀ ਸਰੀਰਕ ਸਜ਼ਾ ਦੇਣ ਤੇ ਰੋਕ ਲਗਾਈ ਹੋਈ ਹੈ|

Leave a Reply

Your email address will not be published. Required fields are marked *