ਪਾਕਿਸਤਾਨ ਵਿੱਚ ਅਹਿਮਦੀਆ ਭਾਈਚਾਰੇ ਦੀ ਪ੍ਰੋਫੈਸਰ ਦੀ ਹੱਤਿਆ

ਲਾਹੌਰ, 19 ਅਪ੍ਰੈਲ, (ਸ.ਬ.) ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਦੀ ਇਕ ਪ੍ਰੋਫੈਸਰ ਦੀ ਇੱਥੇ ਉਨ੍ਹਾਂ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ| ਪਿਛਲੇ ਤਿੰਨ ਹਫਤਿਆਂ ਵਿਚ ਧਾਰਮਿਕ ਘੱਟ ਗਿਣਤੀ ਦੇ ਲੋਕਾਂ ਤੇ ਇਹ ਤੀਜਾ ਹਮ.ਲਾ ਹੈ| ਪੰਜਾਬ ਯੂਨੀਵਰਸਿਟੀ ਵਿੱਚ ਮਾਈਕ੍ਰੋਬਾਇਓਲਾਜੀ ਦੀ 61 ਸਾਲਾ ਪ੍ਰੋਫੈਸਰ ਤਾਹਿਰਾ ਪਰਵੀਨ ਮਲਿਕ ਯੂਨੀਵਰਸਿਟੀ ਕੰਪਲੈਕਸ ਵਿੱਚ ਬਣੇ ਆਵਾਸ ਵਿੱਚ ਇਕੱਲੀ ਰਹਿੰਦੀ ਸੀ| ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਰਮ ਸ਼ਹਜਾਦ ਨੇ ਕਿਹਾ, ”ਪੁਲੀਸ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਬੀਤੇ ਦਿਨੀ ਪ੍ਰੋ. ਮਲਿਕ ਦੇ ਘਰ ਪਹੁੰਚੇ ਤਾਂ ਉਹ ਆਪਣੇ ਘਰ ਵਿਚ ਮ੍ਰਿਤਕ ਮਿਲੀ| ਉਨ੍ਹਾਂ ਦੀ ਬੇਟੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਪਿਛਲੀ ਰਾਤ ਤੋਂ ਉਸ ਦਾ ਫੋਨ ਨਹੀਂ ਚੁੱਕ ਰਹੀ ਸੀ|”
ਬੁਲਾਰੇ ਨੇ ਦੱਸਿਆ ਕਿ ਜਦੋਂ ਪੁਲੀਸ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਦੇ ਘਰ ਦਾਖਲ ਹੋਈ ਤਾਂ ਉਹ ਖੂਨ ਨਾਲ ਲਹੂ-ਲੁਹਾਣ ਪਈ ਮਿਲੀ| ਉਨ੍ਹਾਂ ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ| ਖੁਰਰਮ ਨੇ ਦੱਸਿਆ ਕਿ ਮਲਿਕ ਦੀ ਬੇਟੀ ਕਰਾਚੀ ਵਿਚ ਰਹਿੰਦੀ ਹੈ| ਜਮਾਤ ਅਹਿਮਦੀਆ ਪਾਕਿਸਤਾਨ ਦੇ ਬੁਲਾਰੇ ਸਲੀਮੁਦੀਨ ਨੇ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਲਿਕ ਦੀ ਹੱਤਿਆ ਉਨ੍ਹਾਂ ਦੇ ਅਹਿਮਦੀਆ ਭਾਈਚਾਰੇ ਨਾਲ ਸੰਬੰਧ ਰੱਖਣ ਕਾਰਨ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ| ਉਨ੍ਹਾਂ ਨੇ ਕਿਹਾ ਕਿ ਕੁਝ ਅੱਤਵਾਦੀ ਸਮੂਹ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ|
ਓਧਰ ਸੀਨੀਅਰ ਪੁਲੀਸ ਅਧਿਕਾਰੀ ਹੈਦਰ ਅਸ਼ਰਫ ਨੇ ਕਿਹਾ, ”ਅਸੀਂ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ|” ਦੱਸਣ ਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅਹਿਮਦੀਆ ਭਾਈਚਾਰੇ ਦੇ ਡਾਕਟਰ ਅਸ਼ਫਾਕ ਅਹਿਮਦ ਦੀ ਅਣਪਛਾਤੇ ਬਦਮਾਸ਼ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ|

Leave a Reply

Your email address will not be published. Required fields are marked *