ਪਾਕਿਸਤਾਨ ਵਿੱਚ ਇਮਰਾਨ ਵਿਰੋਧੀਆਂ ਵਲੋਂ ਮੁੜ ਚੋਣਾਂ ਕਰਾਉਣ ਦੀ ਮੰਗ

ਇਸਲਾਮਾਬਾਦ, 28 ਜੁਲਾਈ (ਸ.ਬ.) ਪਾਕਿਸਤਾਨ ਵਿਚ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਿਆਸੀ ਉਥਲ-ਪੁੱਥਲ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ| ਸਿਆਸੀ ਦਲਾਂ ਦੇ ਇਕ ਸਮੂਹ ਨੇ ਚੋਣ ਨਤੀਜਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ| ਇਨ੍ਹਾਂ ਦਲਾਂ ਨੇ ਚੋਣ ਵਿੱਚ ਧਾਂਦਲੀ ਦਾ ਦੋਸ਼ ਲਾਇਆ ਹੈ| ਇਸਲਾਮਾਬਾਦ ਵਿਚ ਹੋਈ ਵਿਰੋਧੀ ਦਲਾਂ ਦੀ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐਮ. ਐਲ-ਐਨ ਵੀ ਸ਼ਾਮਲ ਸੀ| ਇਨ੍ਹਾਂ ਦਲਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕਰਨਗੇ| ਇਸ ਬੈਠਕ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਵੀ ਸ਼ਾਮਲ ਹੋਏ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜੇ ਤਕ ਇਹ ਫੈਸਲਾ ਨਹੀਂ ਲਿਆ ਹੈ ਕਿ ਉਹ ਸੰਸਦ ਦਾ ਬਾਈਕਾਟ ਕਰਨਗੇ ਜਾਂ ਨਹੀਂ| ਓਧਰ ਮੁਤਾਹਿਦਾ ਮਜਲਿਸ-ਏ-ਅਮਾਲ ਪਾਰਟੀ ਦੇ ਪ੍ਰਧਾਨ ਮੌਲਾਨਾ ਫਜ਼ਲੂਰ ਰਹਿਮਾਨ ਨੇ ਬੈਠਕ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਮੁੜ ਚੋਣਾਂ ਕਰਾਉਣ ਲਈ ਮੁਹਿੰਮ ਚਲਾਵਾਂਗੇ| ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਚੋਣਾਂ ਨੂੰ ਖਾਰਿਜ ਕਰਦੇ ਹਾਂ, ਕਿਉਂਕਿ ਇਹ ਲੋਕਾਂ ਦਾ ਸੱਚਾ ਜਨਾਦੇਸ਼ ਨਹੀਂ ਹੈ|
ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਦੇ ਨਤੀਜੇ ਤੋਂ ਕਈ ਸਿਆਸੀ ਦਲਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ| ਚੋਣਾਂ ਵਿਚ ਕ੍ਰਿਕਟਰ ਤੋਂ ਰਾਜ ਨੇਤਾ ਬਣੇ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਪਹਿਲੇ ਨੰਬਰ ਤੇ ਰਹੀ| ਪਾਕਿਸਤਾਨ ਵਿਚ ਸਰਕਾਰ ਬਣਾਉਣ ਲਈ 137 ਸੀਟਾਂ ਦੇ ਬਹੁਮਤ ਦੀ ਲੋੜ ਹੈ| ਇਮਰਾਨ ਖਾਨ ਦੀ ਪਾਰਟੀ ਨੂੰ 115 ਸੀਟਾਂ ਮਿਲੀਆਂ ਹਨ| ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਉਹ ਬਹੁਮਤ ਦੇ ਅੰਕੜਿਆਂ ਤੋਂ ਦੂਰ ਹੈ| ਅਜਿਹੇ ਵਿਚ ਇਮਰਾਨ ਖਾਨ ਨੂੰ ਗਠਜੋੜ ਸਰਕਾਰ ਬਣਾਉਣੀ ਹੋਵੇਗੀ|

Leave a Reply

Your email address will not be published. Required fields are marked *