ਪਾਕਿਸਤਾਨ ਵਿੱਚ ਚੋਣ ਰੈਲੀ ਦੌਰਾਨ ਮੰਚ ਡਿਗਣ ਕਾਰਨ ਵਾਲ-ਵਾਲ ਬਚੇ ਨੇਤਾ

ਇਸਲਾਮਾਬਾਦ, 19 ਜੁਲਾਈ (ਸ.ਬ.) ਪਾਕਿਸਤਾਨ ਵਿਚ 25 ਜੁਲਾਈ ਨੂੰ ਚੋਣਾਂ ਹੋਣੀਆਂ ਹਨ| ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿਚ ਜੁੱਟੀਆਂ ਹੋਈਆਂ ਹਨ| ਇਸ ਦੌਰਾਨ ਪਾਕਿਸਤਾਨ ਦੇ ਕਬਾਇਲੀ ਜ਼ਿਲਾ ਮੁਹੰਮਦ ਵਿਚ ਜਮਾਤ-ਏ-ਇਸਲਾਮੀ ਦੀ ਰੈਲੀ ਦੌਰਾਨ ਮੰਚ ਤੇ ਪਾਰਟੀ ਦੇ ਸਾਰੇ ਨੇਤਾ ਮੌਜੂਦ ਸਨ ਕਿ ਅਚਾਨਕ ਮੰਚ ਹੇਠਾਂ ਡਿੱਗ ਪਿਆ|
ਮੰਚ ਦੇ ਅਚਾਨਕ ਡਿੱਗਣ ਕਾਰਨ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ| ਜਿੱਥੇ ਮੰਚ ਤੇ ਬੈਠੇ ਸਾਰੇ ਲੋਕ ਡਿੱਗ ਪਏ, ਉਥੇ ਰੈਲੀ ਵਿਚ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ| ਮੰਚ ਤੇ ਸੀਨੀਅਰ ਨੇਤਾਵਾਂ ਦੇ ਨਾਲ ਹੋਰ ਨੇਤਾ ਵੀ ਬੈਠੇ ਸਨ| ਮੰਚ ਜ਼ਿਆਦਾ ਵਜ਼ਨ ਸਹਿਨ ਨਾ ਕਰ ਸਕਿਆ ਅਤੇ ਡਿੱਗ ਪਿਆ|
ਜਦਕਿ ਮੰਚ ਡਿੱਗਣ ਦੇ ਕੁਝ ਦੇਰ ਬਾਅਦ ਹੀ ਜਮਾਤ-ਏ-ਇਸਲਾਮੀ ਦੇ ਨੇਤਾ ਅਮੀਰ ਸਿਰਾਜ ਉਲ ਹੱਕ ਸਾਹਮਣੇ ਆਏ ਅਤੇ ਹੱਥ ਹਿਲਾ ਕੇ ਉਨ੍ਹਾਂ ਨੇ ਸਮਰਥਕਾਂ ਨੂੰ ਭਰੋਸਾ ਦਵਾਇਆ ਕਿ ਉਹ ਠੀਕ ਹਨ| ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕਾਰਕੁੰਨ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ| ਉਨ੍ਹਾਂ ਨੇ ਮੰਚ ਦੇ ਡਿੱਗਣ ਵਿਚ ਕਿਸੇ ਵੀ ਸਾਜਸ਼ ਤੋਂ ਇਨਕਾਰ ਕਰਦਿਆਂ ਕਿਹਾ ਕਿ ਜ਼ਿਆਦਾ ਲੋਕਾਂ ਦੇ ਮੰਚ ਤੇ ਚੜ੍ਹਨ ਕਾਰਨ ਇਹ ਹਾਦਸਾ ਹੋਇਆ| ਜ਼ਿਕਰਯੋਗ ਹੈ ਕਿ ਇਹ ਇਕ ਹਫਤੇ ਵਿਚ ਦੂਜੀ ਵਾਰ ਹੋਇਆ ਹਾਦਸਾ ਹੈ ਜਦੋਂ ਪਾਕਿਸਤਾਨੀ ਪਾਰਟੀਆਂ ਦੀ ਰੈਲੀ ਦੌਰਾਨ ਮੰਚ ਡਿੱਗਿਆ ਹੈ| ਇਸ ਤੋਂ ਪਹਿਲਾਂ 16 ਜੁਲਾਈ ਨੂੰ ਪਾਕਿਸਤਾਨ ਦੇ ਨੌਸ਼ਹਿਰਾ ਵਿਚ ਰੈਲੀ ਦੌਰਾਨ ਮੰਚ ਡਿੱਗਣ ਕਾਰਨ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟੱਕ ਨੂੰ ਮਾਮੂਲੀ ਸੱਟ ਲੱਗੀ ਸੀ|

Leave a Reply

Your email address will not be published. Required fields are marked *