ਪਾਕਿਸਤਾਨ ਵਿੱਚ ਚੋਣ ਰੈਲੀ ਦੌਰਾਨ ਹੋਇਆ ਧਮਾਕਾ, ਏ.ਐਨ.ਪੀ. ਨੇਤਾ ਹਾਰੂਨ ਬਿੱਲੌਰ ਸਣੇ 13 ਵਿਅਕਤੀਆਂ ਦੀ ਮੌਤ

ਪੇਸ਼ਾਵਰ, 11 ਜੁਲਾਈ (ਸ.ਬ.) ਪਾਕਿਸਤਾਨ ਦੇ ਉੱਤਰ-ਪੱਛਮੀ ਪੇਸ਼ਾਵਰ ਸ਼ਹਿਰ ਵਿੱਚ ਇਕ ਚੋਣ ਸੰਮੇਲਨ ਵਿੱਚ ਸ਼ੱਕੀ ਆਤਮਘਾਤੀ ਧਮਾਕੇ ਵਿੱਚ ਅਵਾਮੀ ਨੈਸ਼ਨਲ ਪਾਰਟੀ (ਏ.ਐਨ.ਪੀ.) ਦੇ ਨੇਤਾ ਹਾਰੂਨ ਬਿੱਲੌਰ ਸਣੇ 13 ਵਿਅਕਤੀਆਂ ਦੀ ਮੌਤ ਹੋ ਗਈ, ਕਰੀਬ 50 ਵਿਅਕਤੀ ਜ਼ਖਮੀ ਹੋ ਗਏ| ਸ਼ੁਰੂਆਤੀ ਰਿਪੋਰਟ ਮੁਤਾਬਕ ਯਾਕਾਟੋਟ ਇਲਾਕੇ ਵਿੱਚ ਹੋਏ ਇਸ ਆਤਮਘਾਤੀ ਧਮਾਕੇ ਕਾਰਨ ਕਰੀਬ 50 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਹ ਧਮਾਕਾ ਉਦੋਂ ਹੋਇਆ ਜਦੋਂ ਹਾਰੂਨ ਬਿੱਲੌਰ ਤੇ ਏ.ਐਨ.ਪੀ. ਵਰਕਰ ਇਕ ਮੀਟਿੰਗ ਲਈ ਇਕੱਠੇ ਹੋਏੇ| ਬਿੱਲੌਰ ਦੇ ਸਟੇਜ ਤੇ ਪਹੁੰਚਣ ਤੇ ਪਟਾਕੇ ਚਲਾਏ ਜਾ ਰਹੇ ਸਨ ਤੇ ਉਦੋਂ ਹੀ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ|
ਧਮਾਕੇ ਤੋਂ ਬਾਅਦ ਬਿੱਲੌਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਬਚਾਅ ਟੀਮਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਧਮਾਕੇ ਵਾਲੀ ਥਾਂ ਤੇ ਪਹੁੰਚ ਗਈਆਂ ਹਨ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ|
ਬਿੱਲੌਰ ਦੇ ਪਿਤਾ ਤੇ ਏ.ਐਨ. ਪੀ. ਦੇ ਸੀਨੀਅਰ ਨੇਤਾ ਬਸ਼ੀਰ ਅਹਿਮਦ ਬਿੱਲੌਰ ਵੀ 2012 ਵਿੱਚ ਪੇਸ਼ਾਵਰ ਵਿੱਚ ਪਾਰਟੀ ਦੀ ਇਕ ਬੈਠਕ ਦੌਰਾਨ ਤਾਲਿਬਾਨ ਦੇ ਹਮਲਾਵਰ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਸਨ|

Leave a Reply

Your email address will not be published. Required fields are marked *