ਪਾਕਿਸਤਾਨ ਵਿੱਚ ਟਰੇਨ ਦੀ ਮਾਲਗੱਡੀ ਨਾਲ ਟਕੱਰ, 11 ਵਿਅਕਤੀਆਂ ਦੀ ਮੌਤ ਤੇ 60 ਜ਼ਖਮੀ

ਇਸਲਾਮਾਬਾਦ, 11 ਜੁਲਾਈ (ਸ.ਬ.) ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਅੱਜ ਇਕ ਤੇਜ਼ ਗਤੀ ਵਾਲੀ ਯਾਤਰੀ ਟਰੇਨ ਦੀ ਮਾਲਗੱਡੀ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 11ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ| ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ| ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਵੇਟਾ ਆਧਾਰਿਤ ਅਕਬਰ ਐਕਸਪ੍ਰੈਸ ਪੰਜਾਬ ਸੂਬੇ ਦੀ ਸਾਦਿਕਾਬਾਦ ਤਹਿਸੀਲ ਦੇ ਵਲਹਾਰ ਰੇਲਵੇ ਸਟੇਸ਼ਨ ਤੇ ਸਥਿਤ ਮਾਲਗੱਡੀ ਨਾਲ ਟਕਰਾ ਗਈ| ਮਾਲਗੱਡੀ ਲੂਪ ਲਾਈਨ ਤੇ ਖੜ੍ਹੀ ਸੀ ਜਦੋਂ ਮੇਨਲਾਈਨ ਤੇ ਚੱਲਣ ਦੀ ਬਜਾਏ ਤੇਜ਼ ਗਤੀ ਵਾਲੀ ਪੈਸੇਂਜਰ ਟਰੇਨ ਗਲਤ ਟਰੈਕ ਤੇ ਚਲੀ ਗਈ|
ਜ਼ਿਲਾ ਪੁਲੀਸ ਅਫਸਰ (ਡੀ.ਪੀ.ਓ.) ਰਹੀਮ ਯਾਰ ਖਾਨ ਉਮਰ ਸਲਾਮਤ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਇਕ ਮਹਿਲਾ ਅਤੇ 8 ਪੁਰਸ਼ ਸ਼ਾਮਲ ਹਨ ਜਦਕਿ ਜ਼ਖਮੀਆਂ ਵਿੱਚ 9 ਔਰਤਾਂ ਅਤੇ 11 ਬੱਚੇ ਸ਼ਾਮਲ ਹਨ| ਜ਼ਖਮੀਆਂ ਨੂੰ ਇਲਾਜ ਲਈ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ| ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਤੇਜ਼ ਗਤੀ ਵਾਲੀ ਅਕਬਰ ਐਕਸਪ੍ਰੈਸ ਦੇ ਮਾਲਗੱਡੀ ਨਾਲ ਟਕਰਾ ਜਾਣ ਨਾਲ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਬੱਚੇ ਅਤੇ ਵਿਅਕਤੀ ਨੂੰ ਟਰੇਨ ਵਿੱਚੋਂ ਬਚਾਇਆ ਗਿਆ ਹੈ| ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈਸ ਦਾ ਇੰਜਣ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਦਕਿ 3 ਬੋਗੀਆਂ ਨੁਕਸਾਨੀਆਂ ਗਈਆਂ| ਡੀ.ਪੀ.ਓ. ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਸਾਈਟ ਤੇ ਹਾਈਡ੍ਰੋਲਿਕ ਕਟਰ ਬੁਲਾਏ ਗਏ ਹਨ| ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ|
ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ| ਇਮਰਾਨ ਖਾਨ ਨੇ ਆਪਣੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੇ ਰੇਲ ਮੰਤਰੀ ਨੂੰ ਸੁਰੱਖਿਆ ਦੇ ਮਿਆਰ ਨੂੰ ਯਕੀਨੀ ਬਣਾਉਣ ਅਤੇ ਐਮਰਜੈਂਸੀ ਕਦਮ ਚੁੱਕਣ ਲਈ ਕਿਹਾ ਹੈ|ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਵੀ ਹਾਦਸੇ ਵਿੱਚ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ|

Leave a Reply

Your email address will not be published. Required fields are marked *