ਪਾਕਿ ਅਦਾਲਤ ਵਿੱਚ ਇਕ ਵਾਰ ਫਿਰ ਉਠਿਆ ਸਰਬਜੀਤ ਦੀ ਹੱਤਿਆ ਦਾ ਮਾਮਲਾ

ਲਾਹੌਰ, 15 ਫਰਵਰੀ (ਸ.ਬ.) ਪਾਕਿਸਤਾਨ ਦੀ ਅਦਾਲਤ ਵਿੱਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹੱਤਿਆ ਦਾ ਮਾਮਲਾ ਇਕ ਵਾਰ ਫਿਰ ਉਠਿਆ ਹੈ| ਪਾਕਿਸਤਾਨ ਦੇ ਇਕ ਜੱਜ ਨੇ ਕਿਹਾ ਕਿ ਸਰਬਜੀਤ ਸਿੰਘ ਦੀ ਹੱਤਿਆ ਦੇ ਬਹੁਚਰਚਿੱਤ ਮਾਮਲੇ ਵਿੱਚ ਬਹੁਤ ਘੱਟ ਤਰੱਕੀ ਹੋਈ ਹੈ| ਜੱਜ ਨੇ ਅਦਾਲਤ ਨਾਲ ਸਹਿਯੋਗ ਨਾ ਕਰਨ ਲਈ       ਜੇਲ ਅਧਿਕਾਰੀਆਂ ਨੂੰ ਫਟਕਾਰ ਲਾਈ ਅਤੇ ਜੇਲ ਦੇ ਸੁਪਰਡੈਂਟ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ| ਲਾਹੌਰ ਦੇ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਨੇ ਲਾਹੌਰ ਪੁਲਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਉਹ ਕੋਟ ਲਖਪਤ ਜੇਲ ਦੇ ਸੁਪਰਡੈਂਟ ਦੀ 17 ਫਰਵਰੀ ਨੂੰ ਅਦਾਲਤ ਵਿੱਚ ਪੇਸ਼ੀ ਯਕੀਨੀ ਕਰੇ|
ਜਿਕਰਯੋਗ ਹੈ ਕਿ ਲਾਹੌਰ ਵਿੱਚ ਕੋਟ ਲਖਪਤ ਕੇਂਦਰੀ ਜੇਲ ਵਿੱਚ ਤਕਰੀਬਨ 4 ਸਾਲ ਪਹਿਲਾਂ ਸਰਬਜੀਤ ਦੀ ਹੱਤਿਆ ਕਰ ਦਿੱਤੀ ਗਈ ਸੀ| ਜੇਲ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਦੋ ਕੈਦੀ ਆਮਿਰ ਤੰਬਾ ਅਤੇ ਮੁਦਸਰ ਨੇ ਮਈ 2013 ਵਿੱਚ ਕੋਟ ਲਖਪਤ ਜੇਲ ਵਿੱਚ ਸਰਬਜੀਤ ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ| ਲਾਹੌਰ ਹਾਈ ਕੋਰਟ ਦੇ ਇਕ ਮੈਂਬਰੀ ਨਿਆਂਇਕ ਕਮਿਸ਼ਨ ਦੇ ਜੱਜ ਮਜ਼ਹਰ ਅਲੀ ਅਕਬਰ ਨਕਵੀ ਨੇ ਸੈਸ਼ਨ ਕੋਰਟ ਵਿੱਚ ਮਾਮਲਾ ਸ਼ੁਰੂ ਹੋਣ ਤੋਂ ਪਹਿਲਾਂ ਸਰਬਜੀਤ ਹੱਤਿਆ ਮਾਮਲੇ ਦੀ ਜਾਂਚ ਕੀਤੀ ਸੀ| ਨਕਵੀ ਨੇ ਮਾਮਲੇ ਵਿੱਚ 40 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਅਤੇ ਇਸ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ| ਇਸ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ|
ਨਿਆਂਇਕ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਜ਼ਰੀਏ ਸਰਬਜੀਤ ਦੇ ਰਿਸ਼ਤੇਦਾਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਤਾਂ ਕਿ ਉਨ੍ਹਾਂ ਦੇ ਵੀ ਬਿਆਨ ਦਰਜ ਕੀਤੇ ਜਾ ਸਕਣ ਅਤੇ ਜੇਕਰ ਉਨ੍ਹਾਂ ਕੋਲ ਹੱਤਿਆ ਨਾਲ ਸੰਬੰਧਤ ਕੋਈ ਸਬੂਤ ਹੈ ਤਾਂ ਉਨ੍ਹਾਂ ਨੂੰ ਵੀ ਪੇਸ਼ ਕੀਤਾ ਜਾ ਸਕੇ| ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਰਬਜੀਤ ਦੇ ਪਰਿਵਾਰ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ| ਓਧਰ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ ਵਿੱਚ ਆਮਿਰ ਅਤੇ ਮੁਦਸਰ ਨੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਕਿਹਾ ਸੀ ਕਿ ਉਹ ਸਰਬਜੀਤ ਦੀ ਹੱਤਿਆ ਕਰ ਕੇ ਲਾਹੌਰ ਅਤੇ ਫੈਸਲਾਬਾਦ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦੇ ਸਨ| ਆਮਿਰ ਅਤੇ ਮੁਦਸਰ ਦੋਵੇਂ ਹੀ ਸਰਬਜੀਤ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਹਨ| ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ|

Leave a Reply

Your email address will not be published. Required fields are marked *