ਪਾਕਿ: ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸ਼ਾਹਬਾਜ਼ ਸ਼ਰੀਫ ਗ੍ਰਿਫਤਾਰ

ਲਾਹੌਰ, 10 ਨਵੰਬਰ (ਸ.ਬ.) ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਨੇ ਵਿਰੋਧੀ ਧਿਰ ਦੇ ਨੇਤਾ ਤੇ ਪੀ.ਐਮ.ਐਲ.-ਐਨ. ਦੇ ਚੀਫ ਸ਼ਾਹਬਾਜ਼ ਸ਼ਰੀਫ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਖਿਲਾਫ 24 ਨਵੰਬਰ ਤੱਕ ਦੀ ਫਿਜ਼ੀਕਲ ਰਿਮਾਂਡ ਹਾਸਲ ਕਰ ਲਈ ਹੈ|
ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਾਹਬਾਜ਼ ਸ਼ਰੀਫ, ਜੋ ਕਿ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ, ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਪ੍ਰੋਜੈਕਟ ਵਿੱਚ 14 ਅਰਬ ਰੁਪਏ ਦੇ ਘੋਟਾਲੇ ਦੇ ਸਬੰਧ ਵਿੱਚ 5 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਆਸ਼ੀਆਨਾ ਘੋਟਾਲੇ ਦੇ ਸਬੰਧ ਵਿੱਚ ਜਵਾਬਦੇਹੀ ਕੋਰਟ ਵਿੱਚ ਸ਼ਾਹਬਾਜ਼ ਦੀ ਪੇਸ਼ੀ ਦੌਰਾਨ ਨੈਬ ਨੇ ਅਦਾਲਤ ਤੋਂ ਉਨ੍ਹਾਂ ਦੀ ਹੋਰ 14 ਦਿਨਾਂ ਦੀ ਰਿਮਾਂਡ ਮੰਗੀ ਸੀ| ਇਸ ਦੇ ਨਾਲ ਹੀ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਮਜ਼ਾਨ ਸ਼ੂਗਰ ਮਿਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ|
ਨੈਬ ਨੇ ਅਦਾਲਤ ਨੂੰ ਦੱਸਿਆ ਕਿ ਰਮਜ਼ਾਨ ਸ਼ੂਗਰ ਮਿਲ ਦੇ ਮਾਲਕਾਂ ਹਮਜ਼ਾ ਤੇ ਸਲਮਾਨ ਨੇ ਆਪਣੇ ਆਹੁਦਿਆਂ ਦੀ ਵਰਤੋਂ ਕਰਦਿਆਂ ਆਪਣੇ ਫਾਇਦੇ ਲਈ ਆਮ ਜਨਤਾ ਜਾ ਪੈਸਾ ਵਰਤਦਿਆਂ ਚਨਿਓਟ ਵਿੱਚ ਆਪਣੀਆਂ ਮਿਲਾਂ ਨੂੰ ਲਿੰਕ ਕਰਨ ਲਈ ਬ੍ਰਿਜ ਬਣਵਾਏ, ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਸ਼ਮੂਲੀਅਤ ਹੈ| ਨੈਬ ਲਾਹੌਰ ਦੇ ਡਾਇਰੈਕਟਰ ਜਨਰਲ ਸ਼ਾਹਜ਼ਾਦ ਸਲੀਮ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਲਮਾਨ ਪਹਿਲਾਂ ਤੋਂ ਹੀ ਫਰਾਰ ਚੱਲ ਰਿਹਾ ਹੈ|

Leave a Reply

Your email address will not be published. Required fields are marked *