ਪਾਕਿ ਇੰਟਰਨੈਸ਼ਨਲ ਏਅਰਲਾਈਨਜ਼ ਵਿੱਚ 7 ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫਰ ਕਰਵਾਉਣ ਦੇ ਮਾਮਲੇ ਵਿੱਚ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਸ਼ੁਰੂ

ਕਰਾਚੀ, 28 ਫਰਵਰੀ (ਸ.ਬ.) ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਵਿੱਚ 7 ਯਾਤਰੀਆਂ ਨੂੰ ਖੜ੍ਹੇ ਕਰ ਕੇ ਯਾਤਰਾ ਕਰਾਏ ਜਾਣ ਦੇ ਮਾਮਲੇ ਵਿੱਚ ਪਾਇਲਟ ਅਤੇ 2 ਹੋਰ ਕਰਮਚਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ| ਘਟਨਾ 20 ਜਨਵਰੀ ਦੀ ਹੈ, ਜਦੋਂ ਪੀ.ਆਈ.ਏ. ਦੀ ਫਲਾਈਟ ਨੰਬਰ ਪੀ.ਕੇ.-743 ਕਰਾਚੀ ਤੋਂ ਸਾਊਦੀ ਅਰਬ ਦੇ ਮਦੀਨਾ ਜਾ ਰਹੀ ਸੀ, ਜਹਾਜ਼ ਵਿੱਚ ਸੀਟਾਂ ਫੁੱਲ ਹੋਣ ਦੇ ਬਾਵਜੂਦ ਹਵਾਈ ਸੁਰੱਖਿਆ ਦੀ ਉਲੰਘਣਾ ਕਰਦੇ ਹੋਏ 7 ਹੋਰ ਯਾਤਰੀਆਂ ਨੂੰ ਨਾ ਸਿਰਫ ਸਫਰ ਕਰਵਾਇਆ, ਸਗੋਂ ਪੂਰੇ ਸਫਰ ਦੌਰਾਨ ਉਨ੍ਹਾਂ ਨੂੰ ਖੜ੍ਹੇ ਰੱਖਿਆ ਗਿਆ| ਇਨ੍ਹਾਂ ਯਾਤਰੀਆਂ ਨੂੰ ਹੱਥ ਨਾਲ ਲਿਖੇ ਬੋਰਡਿੰਗ ਪਾਸ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ|
ਪਾਕਿਸਤਾਨੀ ਅਖਬਾਰ ‘ਡਾਨ’ ਮੁਤਾਬਕ ਪੀ. ਆਈ. ਏ. ਦੇ ਬੁਲਾਰੇ ਗਿਲਾਨੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਵਿਰੁੱਧ  ਕਾਰਵਾਈ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਪਾਇਲਟ ਅਨਵਰ ਆਦਿਲ, ਏਅਰ ਹੋਸਟੈਸ ਹਿਨਾ ਤੁਰਾਬ ਅਤੇ ਟਰਮੀਨਲ      ਮੈਨੇਜਰ ਅਕਬਰ ਅਲੀ ਸ਼ਾਹ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ| ਨੋਟਿਸ ਜਾਰੀ ਹੋਣ ਕਾਰਨ ਆਦਿਲ ਜਹਾਜ਼ ਨਹੀਂ ਉਡਾ ਸਕਦੇ| ਉਨ੍ਹਾਂ ਵਿਰੁੱਧ ਸ਼ਹਿਰੀ ਹਵਾਬਾਜ਼ੀ ਅਥਾਰਟੀ ਵੀ ਜਾਂਚ ਕਰਵਾ ਰਹੀ ਹੈ|
ਪਾਇਲਟ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਜਹਾਜ਼ ਵਿੱਚ ਸਮਰੱਥਾ ਤੋਂ ਵਧ ਯਾਤਰੀ ਸਵਾਰ ਹਨ, ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ, ਇਸ ਲਈ ਉਨ੍ਹਾਂ ਲਈ ਤੁਰੰਤ ਜਹਾਜ਼ ਨੂੰ ਲੈਂਡ ਕਰਨਾ ਸੰਭਵ ਨਹੀਂ ਸੀ|

Leave a Reply

Your email address will not be published. Required fields are marked *