ਪਾਕਿ ਕਸ਼ਮੀਰ ਦੇ ਨੌਜਵਾਨ ਨੂੰ ਸੁਸ਼ਮਾ ਨੇ ਦਿੱਤਾ ਵੀਜਾ ਦੇਣ ਦਾ ਭਰੋਸਾ

ਨਵੀਂ ਦਿੱਲੀ/ਇਸਲਾਮਾਬਾਦ, 18 ਜੁਲਾਈ (ਸ.ਬ.)  ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਰਹਿਣ ਵਾਲੇ ਲੜਕੇ ਨੇ ਭਾਰਤ ਵਿਚ ਇਲਾਜ ਲਈ ਮਦਦ ਦੀ ਮੰਗ ਕੀਤੀ ਹੈ| ਲੜਕੇ ਦੀ ਇਸ ਮੰਗ ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਵਾਬ ਦਿੱਤਾ ਹੈ| ਉਨ੍ਹਾਂ ਕਿਹਾ ਕਿ ਪੀ. ਓ. ਕੇ. ਭਾਰਤ ਦਾ ਅਟੁੱਟ ਹਿੱਸਾ ਹੈ, ਜਿਸ ਤੇ ਪਾਕਿਸਤਾਨ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਪਰ ਅਸੀਂ ਉਥੋਂ ਦੇ ਲੋਕਾਂ ਨੂੰ ਵੀਜ਼ਾ ਦੇਵਾਂਗੇ| ਦਰਅਸਲ ਪੀ. ਓ. ਕੇ. ਵਿਚ ਰਹਿਣ ਵਾਲੇ 24 ਸਾਲਾ ਓਸਾਮਾ ਅਲੀ ਦੇ ਲੀਵਰ ਵਿਚ ਟਿਊਮਰ ਹੈ ਅਤੇ ਉਹ ਦਿੱਲੀ ਵਿਚ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ| ਉਸ ਨੇ ਇਲਾਜ ਲਈ ਸੁਸ਼ਮਾ ਤੋਂ ਮਦਦ ਦੀ ਗੁਹਾਰ ਲਾਈ ਸੀ|
ਭਾਰਤ ਨੇ ਨਿਯਮ ਲਾਗੂ ਕੀਤਾ ਹੈ ਕਿ ਪਾਕਿਸਤਾਨ ਦੇ ਕਿਸੇ ਮਰੀਜ਼ ਨੂੰ ਭਾਰਤ ਤੋਂ ਮੈਡੀਕਲ ਵੀਜ਼ਾ ਲਈ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੀ ਮਨਜ਼ੂਰੀ ਵਾਲੀ ਚਿੱਠੀ ਲੈਣੀ  ਹੋਵੇਗੀ| ਇਸ ਤੇ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਹੈ ਕਿ ਇਹ ਨਿਯਮ ਪੀ. ਓ. ਕੇ. ਦੇ ਲੋਕਾਂ ਤੇ  ਲਾਗੂ ਨਹੀਂ  ਹੋਵੇਗਾ, ਕਿਉਂਕਿ ਪੀ. ਓ. ਕੇ. ਭਾਰਤ ਦਾ ਅਟੁੱਟ ਹਿੱਸਾ ਹੈ|
ਓਧਰ ਓਸਾਮਾ ਦੇ ਪਿਤਾ ਜਾਵੇਦ ਨਾਜ ਖਾਨ ਵਕੀਲ ਹੋਣ ਦੇ ਨਾਲ-ਨਾਲ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਵਰਕਰ ਵੀ ਹਨ| ਉਨ੍ਹਾਂ ਨੇ ਕਿਹਾ ਕਿ ਯੂਰਪ ਵਿਚ ਇਲਾਜ ਕਰਵਾਉਣਾ ਭਾਰਤ ਦੇ ਮੁਕਾਬਲੇ ਮਹਿੰਗਾ ਪਵੇਗਾ, ਇਸ ਲਈ ਉਹ ਇੱਥੇ ਆਉਣਾ ਚਾਹੁੰਦੇ ਹਨ| ਉਨ੍ਹਾਂ ਨੇ ਰੋਂਦੇ ਹੋਏ ਕਿਹਾ ਕਿ ਮੈਂ ਕਿਹੋ ਜਿਹਾ ਬਦਕਿਸਮਤੀ ਪਿਤਾ ਹਾਂ, ਜੋ ਕਿ ਆਪਣੇ ਬੇਟੇ ਦਾ ਇਲਾਜ ਵੀ ਨਹੀਂ ਕਰਵਾ ਸਕਦਾ| ਖਾਨ ਨੇ ਸੁਸ਼ਮਾ ਤੋਂ ਇਲਾਜ ਕਰਵਾਉਣ ਦੀ ਇਜਾਜ਼ਤ ਮੰਗੀ ਸੀ|
ਦੱਸਣ ਯੋਗ ਹੈ ਕਿ ਬੀਤੇ ਦਿਨੀਂ ਸੁਸ਼ਮਾ ਸਰਤਾਜ ਅਜ਼ੀਜ਼ ਤੇ ਭੜਕ ਗਈ ਸੀ| ਸੁਸ਼ਮਾ ਨੇ ਕੁਲਭੂਸ਼ਣ ਜਾਧਵ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤੇ ਸਨ ਕਿ ਉਨ੍ਹਾਂ ਨੇ ਕਾਫੀ ਦਿਨ ਪਹਿਲਾਂ ਕੁਲਭੂਸ਼ਣ ਦੀ ਮਾਂ ਦੇ ਵੀਜ਼ਾ ਲਈ ਅਰਜ਼ੀ ਭੇਜੀ ਸੀ ਪਰ ਅਜ਼ੀਜ਼ ਨੇ ਉਸ ਤੇ ਕੋਈ ਜਵਾਬ ਨਹੀਂ ਦਿੱਤਾ|

Leave a Reply

Your email address will not be published. Required fields are marked *