ਪਾਕਿ ਵਿੱਚ ਅਗਵਾ ਕਰਨ ਤੋਂ ਬਾਅਦ ਈਸਾਈ ਬੱਚੀ ਦਾ ਕਤਲ


ਪੇਸ਼ਾਵਰ, 13 ਜਨਵਰੀ (ਸ.ਬ.) ਇਕ ਮਨੁੱਖੀ ਅਧਿਕਾਰ ਸਮੂਹ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਗਵਾ ਕਰਨ ਦੇ ਬਾਅਦ ਮਾਰੀ ਗਈ ਈਸਾਈ ਬੱਚੀ ਇਸ਼ਲ ਅਫਜ਼ਲ ਲਈ ਨਿਆਂ ਦੀ ਮੰਗ ਕੀਤੀ ਹੈ। ਹਿਊਮਨ ਰਾਈਟਸ ਫੋਕਸ ਪਾਕਿਸਤਾਨ (ਐਚਆਰਐਫਪੀ) ਨੇ ਇਕ ਮੀਡੀਆ ਬਿਆਨ ਵਿਚ ਕਿਹਾ ਕਿ ਇਸ਼ਲ ਨੂੰ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਫੈਸਲਾਬਾਦ ਦੇ ਲਿਆਕਤ ਟਾਊਨ ਵਿਚ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ਼ਲ ਦੇ ਪਿਤਾ ਅਫਜ਼ਲ ਮਸੀਹ ਆਪਣੇ ਚਰਚ ਪਾਦਰੀ ਸੋਹੇਲ ਮਸੀਹ ਦੇ ਨਾਲ ਐਚ.ਆਰ.ਐਫ.ਪੀ. ਦਫਤਰ ਪਹੁੰਚੇ ਅਤੇ ਕਾਨੂੰਨੀ ਟੀਮ ਦੇ ਨਾਲ ਵੇਰਵਾ ਸਾਂਝਾ ਕੀਤਾ। ਉਹਨਾਂ ਨੇ ਆਪਣੀ ਬੇਟੀ ਦੇ ਬੇਰਿਹਮੀ ਨਾਲ ਕੀਤੇ ਕਤਲ ਦੇ ਖਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰ ਕੇ ਨਿਆਂ ਦੀ ਮੰਗ ਕੀਤੀ।
ਇਸ ਤੋਂ ਬਾਅਦ ਐਚ.ਆਰ.ਐਫ.ਪੀ. ਟੀਮ ਨੂੰ ਘਟਨਾ ਸਥਲ ਦਾ ਦੌਰਾ ਕਰਨ ਤੇ ਪਤਾ ਚੱਲਿਆ ਕਿ ਇਸ਼ਲ ਅਫਜ਼ਲ 6 ਜਨਵਰੀ ਨੂੰ ਸਵੇਰੇ ਕਰੀਬ 8.30 ਵਜੇ ਲਾਪਤਾ ਹੋ ਗਈ ਸੀ। ਪਰਿਵਾਰ ਨੇ ਫੈਸਲਾਬਾਦ ਦੇ ਜਾਰਨਵਾਲਾ ਰੋਡ ਤੇ ਸਦਰ ਪੁਲੀਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਪੁਲੀਸ ਨੇ ਅਗਲੇ ਦਿਨ ਇਸ ਇਲਾਕੇ ਦੇ ਤਲਾਬ ਨੇੜੇ ਇਸ਼ਲ ਦੀ ਲਾਸ਼ ਬਰਾਮਦ ਕੀਤੀ। ਐਚ.ਆਰ.ਐਫ.ਪੀ. ਦੀ ਰਿਪੋਰਟ ਦੇ ਮੁਤਾਬਕ ਸ਼ੁਰੂਆਤੀ ਮੈਡੀਕਲ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਸੰਭਵ ਤੌਰ ਤੇ ਬਲਾਤਕਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ 2 ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਪਰ ਦੋਵਾਂ ਨੂੰ ਛੱਡ ਦਿੱਤਾ ਗਿਆ।
ਐਚ.ਆਰ.ਐਫ.ਪੀ. ਦੇ ਪ੍ਰਧਾਨ ਨਾਵੇਦ ਵਾਲਟਰ ਨੇ ਕਿਹਾ ਕਿ ਇਹ ਮਾਮਲਾ ਈਸਾਈ, ਹਿੰਦੂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਦੇ ਅਗਵਾ ਕਰਨ ਦਾ ਹੈ। ਵਾਲਟਰ ਨੇ ਕਿਹਾ ਕਿ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੇ ਤਾਜ਼ਾ ਅੰਕੜੇ ਇਕ ਦਿਨ ਵਿਚ 8 ਤੋਂ 10 ਤੱਕ ਪਹੁੰਚ ਗਏ ਹਨ। ਉਹਨਾਂ ਨੇ ਭਾਈਚਾਰੇ ਨੂੰ ਨਾਬਾਲਗਾਂ ਦੀ ਦੇਖਭਾਲ ਕਰਨ ਅਤੇ ਆਪਣੇ ਸਬੰਧਤ ਖੇਤਰਾ ਅਤੇ ਘਰਾਂ ਵਿਚ ਅਜ਼ਨਬੀਆਂ ਦੀ ਆਸਾਨ ਪਹੁੰਚ ਨੂੰ ਰੋਕਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕੀਤੇ ਜਾਣ, ਬਲਾਤਕਾਰ ਅਤੇ ਕਤਲ ਨੂੰ ਰੋਕਣ ਵਿਚ ਅਧਿਕਾਰੀ ਅਸਫਲ ਰਹੇ ਹਨ।

Leave a Reply

Your email address will not be published. Required fields are marked *