ਪਾਕਿ ਵਿੱਚ ਰੀੜ ਦੀ ਹੱਡੀ ਦਾ ਤਰਲ ਚੋਰੀ ਕਰਨ ਵਾਲਾ ਗੈਂਗ ਗ੍ਰਿਫਤਾਰ

ਇਸਲਾਮਾਬਾਦ, 14 ਫਰਵਰੀ (ਸ.ਬ.) ਪਾਕਿਸਤਾਨ ਵਿਚ ਪੁਲੀਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਇਨ੍ਹਾਂ ਤੇ ਔਰਤਾਂ ਦੇ ਰੀੜ੍ਹ ਦੀ ਹੱਡੀ ਦਾ ਤਰਲ (ਛਬਜਅ.; -;ਚਜਦ) ਚੋਰੀ ਕਰਨ ਦਾ ਦੋਸ਼ ਹੈ| ਪੁਲੀਸ ਨੇ ਦੱਸਿਆ ਕਿ ਇਹ ਗੈਂਗ ਮੈਂਬਰ ਹਾਫਿਜ਼ਾਬਾਦ ਸ਼ਹਿਰ ਵਿਚ ਮੈਡੀਕਲ ਖੋਜ ਨੂੰ ਲੈ ਕੇ ਸਰਕਾਰੀ ਅਧਿਕਾਰੀ ਹੋਣ ਦਾ ਦਿਖਾਵਾ ਕਰਦੇ ਸਨ| ਇਹ ਔਰਤਾਂ ਨੂੰ ਕਹਿੰਦੇ ਸਨ ਕਿ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਹਾਸਲ ਕਰਨ ਲਈ ਪਹਿਲਾਂ ਉਨ੍ਹਾਂ ਨੂੰ ਆਪਣੇ ਖੂਨ ਦੀ ਜਾਂਚ ਕਰਵਾਉਣੀ ਹੋਵੇਗੀ| ਪਰ ਖੂਨ ਲੈਣ ਦੀ ਥਾਂ ਉਹ ਔਰਤਾਂ ਦੀ ਰੀੜ੍ਹ ਦੀ ਹੱਡੀ ਦਾ ਤਰਲ ਕੱਢ ਲੈਂਦੇ ਸਨ ਅਤੇ ਉਸ ਦੀ ਕਾਲਾ ਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ|
ਅਨੁਮਾਨ ਹੈ ਕਿ ਇਸ ਗੈਂਗ ਨੇ 12 ਔਰਤਾਂ ਦੀ ਰੀੜ੍ਹ ਦੀ ਹੱਡੀ ਦਾ ਤਰਲ ਚੋਰੀ ਕੀਤਾ ਹੈ, ਜਿਸ ਵਿਚ ਇਕ ਨਾਬਾਲਗ ਲੜਕੀ ਵੀ ਸ਼ਾਮਲ ਹੈ| ਅਧਿਕਾਰੀਆਂ ਨੂੰ ਇਸ ਗੈਂਗ ਬਾਰੇ ਉਦੋਂ ਪਤਾ ਚੱਲਿਆ, ਜਦੋਂ ਇਸ ਪ੍ਰਕਿਰਿਆ ਮਗਰੋਂ ਇਕ ਵਿਅਕਤੀ ਨੂੰ ਆਪਣੀ 17 ਸਾਲਾ ਬੇਟੀ ਕਮਜ਼ੋਰ ਮਹਿਸੂਸ ਹੋਈ| ਉਸ ਨੂੰ ਤੁਰੰਤ ਪੁਲੀਸ ਨਾਲ ਸੰਪਰਕ ਕੀਤਾ| ਪੁਲੀਸ ਅਧਿਕਾਰੀ ਅਸ਼ਫਾਕ ਅਹਿਮਦ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਗੈਂਗ ਹਾਫਿਜ਼ਾਬਾਦ ਸ਼ਹਿਰ ਵਿਚ ਕਾਫੀ ਸਮੇਂ ਤੋਂ ਸਰਗਰਮ ਸੀ| ਉਨ੍ਹਾਂ ਵਿਚੋਂ ਇਕ ਦੋਸ਼ੀ ਖੁਦ ਨੂੰ ਜ਼ਿਲਾ ਹਸਪਤਾਲ ਦਾ ਸਰਕਾਰੀ ਕਰਮਚਾਰੀ ਦੱਸਦਾ ਸੀ ਅਤੇ ਔਰਤਾਂ ਨੂੰ ਕਹਿੰਦਾ ਸੀ ਕਿ ਪੰਜਾਬ ਸਰਕਾਰ ਦੇ ਦਹੇਜ ਫੰਡ ਦੀ ਯੋਗਤਾ ਹਾਸਲ ਕਰਨ ਲਈ ਪਹਿਲਾਂ ਖੂਨ ਦਾ ਸੈਂਪਲ ਦੇਣਾ ਹੋਵੇਗਾ| ਅਸ਼ਫਾਕ ਅਹਿਮਦ ਖਾਨ ਨੇ ਅੱਗੇ ਦੱਸਿਆ ਕਿ ਖੂਨ ਦਾ ਸੈਂਪਲ ਲੈਣ ਲਈ ਹਸਪਤਾਲ ਲਿਜਾਣ ਦੀ ਥਾਂ ਉਹ ਔਰਤਾਂ ਨੂੰ ਘਰ ਲੈ ਜਾਂਦਾ ਸੀ, ਜਿੱਥੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਤਰਲ ਕੱਢ ਲਿਆ ਜਾਂਦਾ ਸੀ|
ਰੀੜ੍ਹ ਦੀ ਹੱਡੀ ਦਾ ਤਰਲ ਇਕ ਪਾਰਦਰਸ਼ੀ ਦ੍ਰਵ ਹੁੰਦਾ ਹੈ, ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਚਾਰੇ ਪਾਸੇ ਪਾਇਆ ਜਾਂਦਾ ਹੈ| ਇਹ ਵਿਅਕਤੀ ਨੂੰ ਸਦਮੇ ਅਤੇ ਸੱਟ ਤੋਂ ਬਚਾਉਂਦਾ ਹੈ| ਇਸ ਨੂੰ ਸਪਾਈਨਲ ਨਲੀ ਵਿਚ ਸੂਈ ਪਾ ਕੇ ਕੱਢਿਆ ਜਾ ਸਕਦਾ ਹੈ| ਇਸ ਨੂੰ ਆਮ ਤੌਰ ਤੇ ਕਿਸੇ ਬਿਮਾਰੀ ਦੀ ਜਾਂਚ ਲਈ ਹੀ ਕੱਢਿਆ ਜਾਂਦਾ ਹੈ| ਹਾਲੇ ਤੱਕ ਇਹ ਸਾਫ ਨਹੀਂ ਹੈ ਕਿ ਕਾਲਾ ਬਾਜ਼ਾਰ ਵਿਚ ਇਸ ਦੀ ਵਰਤੋਂ ਕਿਹੜੇ ਕੰਮ ਵਿਚ ਕੀਤੀ ਜਾਂਦੀ ਹੈ| ਸਿਹਤ ਮੰਤਰਾਲੇ ਨੇ ਇਸ ਕੇਸ ਦੀ ਜਾਂਚ ਲਈ ਇਕ ਕਮੇਟੀ ਬਣਾਈ ਹੈ| ਫੜੇ ਗਏ ਗੈਂਗ ਦੇ ਚਾਰੇ ਲੋਕ ਫਿਲਹਾਲ ਪੁਲੀਸ ਹਿਰਾਸਤ ਵਿਚ ਹਨ|

Leave a Reply

Your email address will not be published. Required fields are marked *