ਪਾਕਿ ਵਿੱਚ ਸਿੱਖ ਲੜਕੀ ਦਾ ਜਬਰਦਸਤੀ ਧਰਮ ਤਬਦੀਲ ਕਰ ਕੇ ਕੀਤਾ ਵਿਆਹ, ਭਾਰਤ ਕਰੇਗਾ ਜਾਂਚ

ਨਵੀਂ ਦਿੱਲੀ/ਪਾਕਿਸਤਾਨ, 28 ਅਪ੍ਰੈਲ (ਸ.ਬ.) ਪਾਕਿਸਤਾਨ ਵਿੱਚ ਇਕ ਸਿੱਖ ਲੜਕੀ ਦਾ ਜ਼ਬਰਨ ਧਰਮ ਤਬਦੀਲ ਕਰਵਾ ਕੇ ਵਿਆਹ ਕਰਨ ਦੀਆਂ ਰਿਪੋਰਟਾਂ ਤੇ ਟਿੱਪਣੀ ਕਰਦੇ ਹੋਏ ਭਾਰਤ ਨੇ ਕਿਹਾ ਹੈ ਕਿ ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ ਮਾਮਲੇ ਪਹਿਲੀ ਵਾਰ ਨਹੀਂ ਹੋਏ ਹਨ| ਇੱਥੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇਸ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਭਾਰਤ ਇਸ ਮਾਮਲੇ ਦੀ ਜਾਂਚ ਕਰੇਗਾ| ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਭਾਰਤ ਨੇ ਪਹਿਲਾਂ ਵੀ ਪਾਕਿਸਤਾਨ ਦੇ ਸਾਹਮਣੇ ਚੁੱਕੇ ਹਨ ਅਤੇ ਉਥੇ ਅਜਿਹੇ ਮਾਮਲੇ ਹੁੰਦੇ ਰਹਿੰਦੇ ਹਨ ਪਰ ਪਾਕਿਸਤਾਨ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਉਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰੇ|
ਇਕ ਟੀ.ਵੀ. ਚੈਨਲ ਅਨੁਸਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ ਦੇ ਘੋਰਘਸ਼ਤ ਪਿੰਡ ਦੀ 17 ਸਾਲਾ ਲੜਕੀ ਪ੍ਰਿਯਾ ਰਾਣੀ ਸਕੂਲ ਜਾਣ ਤੋਂ ਲਾਪਤਾ ਹੋ ਗਈ| ਬਾਅਦ ਵਿੱਚ ਉਸ ਦੇ ਪਰਿਵਾਰ ਨੂੰ ਗੁਆਂਢੀਆਂ ਨੇ ਇਸ ਗੱਲ ਲਈ ਵਧਾਈ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੇ ਇਸਲਾਮ ਧਰਮ ਕਬੂਲ ਕਰ ਕੇ ਵਿਆਹ ਕਰ ਲਿਆ ਹੈ| ਪ੍ਰਿਯਾ ਦੇ ਚਾਚਾ ਮਹਿੰਦਰ ਲਾਲ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ ਪ੍ਰਿਯਾ ਦਾ ਧੋਖੇ ਨਾਲ ਵਿਆਹ ਕਰ ਦਿੱਤਾ ਗਿਆ ਹੈ| ਉਨ੍ਹਾਂ ਨੇ ਬਾਅਦ ਵਿੱਚ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਉਣਾ ਸੌਖਾ ਨਹੀਂ ਸੀ| ਪੁਲੀਸ ਨੇ ਕਿਹਾ ਕਿ ਇਹ ਧਰਮ ਦਾ ਮਾਮਲਾ ਹੈ ਅਤੇ ਇਸ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਪਰ ਉਪਰੋਂ ਦਬਾਅ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ ਅਤੇ ਲੜਕੀ ਦੇ ਕਥਿਤ ਪਤੀ ਵਾਜਿਦ ਅਲੀ ਨੂੰ ਗ੍ਰਿਫਤਾਰ ਕਰ ਲਿਆ| ਉਥੇ ਹੀ ਮੁਸਲਮਾਨਾਂ ਨੇ ਪੁਲੀਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਲੜਕੀ ਸਾਨੂੰ ਵਾਪਸ ਕੀਤੀ ਜਾਂਦੀ ਹੈ ਤਾਂ ਉਹ ਸਾਡੇ ਖਿਲਾਫ ਜੇਹਾਦ ਚਲਾਉਣਗੇ|

Leave a Reply

Your email address will not be published. Required fields are marked *