ਪਾਠਕਾਂ ਨੂੰ ਹਮੇਸ਼ਾ ਯਾਦ ਰਹੇਗੀ ‘ਮਿੱਤਰੋ ਮਰਜਾਣੀ’ ਵਾਲੀ ਕ੍ਰਿਸ਼ਨਾ ਸੋਬਤੀ

ਪ੍ਰਸਿੱਧ ਕਥਾਕਾਰ ਕ੍ਰਿਸ਼ਣਾ ਸੋਬਤੀ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ | ਆਮ ਤੌਰ ਤੇ ਇਸ ਉਮਰ ਵਿੱਚ ਕਿਸੇ ਦਾ ਜਾਣਾ ਜਿਆਦਾ ਦੁੱਖ ਨਹੀਂ ਪਹੁੰਚਾਉਂਦਾ ਹੈ, ਪਰ ਕ੍ਰਿਸ਼ਣਾ ਸੋਬਤੀ ਦੇ ਤੁਰ ਜਾਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੋਈ ਵਿਸ਼ਾਲ ਖਜਾਨਾ ਤੁਹਾਡੇ ਤੋਂ ਖੋਹ ਲਿਆ ਗਿਆ ਹੈ| ਇਹ ਖਜਾਨਾ ਸਿਰਫ ਰਚਨਾਵਾਂ ਦਾ ਹੀ ਨਹੀਂ ਸੀ, ਸਗੋਂ ਸ਼ਬਦਾਂ ਦਾ, ਵਿਚਾਰਾਂ ਦਾ, ਹੌਂਸਲੇ ਦਾ ਅਤੇ ਹਿੰਮਤ ਦਾ ਵੀ ਸੀ| ਆਮ ਤੌਰ ਤੇ ਵੱਡੀ ਗਿਣਤੀ ਇਨਸਾਨ ਅਕਸਰ 60 ਸਾਲ ਜਾਂ ਫਿਰ ਬਹੁਤ ਹੋਇਆ ਤਾਂ 70 – 75 ਸਾਲ ਦੀ ਉਮਰ ਤੱਕ ਖੁਦ ਨੂੰ ਬੁੱਢਾ ਦੱਸ ਕੇ ਦੁਨੀਆਦਾਰੀ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ| ਜੀਵਨ ਜੀਅ ਲਿਆ, ਹੁਣ ਤਾਂ ਭਗਤੀ ਵਿੱਚ ਲੀਨ ਰਹਿਣਾ ਹੈ, ਅਜਿਹੀ ਸੋਚ 60 ਸਾਲ ਦੀ ਉਮਰ ਪਾਰ ਕਰਨ ਵਾਲਿਆਂ ਲਈ ਬਣਾ ਦਿੱਤੀ ਗਈ ਹੈ ਅਤੇ ਭਾਰਤੀ ਸਮਾਜ ਵਿੱਚ ਤਾਂ ਔਰਤਾਂ ਨੂੰ ਇਸ ਤੋਂ ਵੀ ਪਹਿਲਾਂ ਹੀ ਜੀਵਨ ਤੋਂ ਉਪਰਾਮ ਹੋਇਆ ਮੰਨ ਲਿਆ ਜਾਂਦਾ ਹੈ ਪਰ ਕ੍ਰਿਸ਼ਣਾ ਸੋਬਤੀ ਇਸ ਮਾਮਲੇ ਵਿੱਚ ਆਪਣੀਆਂ ਰਚਨਾਵਾਂ ਦੀ ਤਰ੍ਹਾਂ ਹੀ ਅਨੋਖੇ ਸਨ, ਲੀਕ ਤੋਂ ਹਟ ਕੇ ਸਨ|
ਉਨ੍ਹਾਂ ਨੇ ਅਖੀਰੀ ਸਮੇਂ ਤੱਕ ਨਾ ਸਿਰਫ ਆਪਣੀਆਂ ਰਚਨਾਤਮਕ ਸਰਗਰਮੀਆਂ ਬਣਾ ਕੇ ਰੱਖੀਆਂ , ਸਗੋਂ ਇੱਕ ਜਾਗਰੁਕ ਸਾਹਿਤਕਾਰ ਅਤੇ ਨਾਗਰਿਕ ਹੋਣ ਦਾ ਫਰਜ ਵੀ ਅਦਾ ਕੀਤਾ| 2015 ਦਾ ਉਹ ਦੌਰ ਹੁਣੇ ਵੀ ਯਾਦ ਹੈ, ਜਦੋਂ ਦੇਸ਼ ਵਿੱਚ ਰਾਸ਼ਟਰ ਭਗਤੀ ਦੀ ਨਵੀਂ ਪਰਿਭਾਸ਼ਾ ਬਣਾ ਕੇ ਕੁੱਝ ਲੋਕਾਂ ਦੀ ਬਗ਼ਾਵਤ , ਅਸੰਤੋਸ਼ ਨੂੰ ਦੇਸ਼ ਧਰੋਹ ਦੱਸਿਆ ਜਾ ਰਿਹਾ ਸੀ | ਗੁਸੈਲਾਪਨ ਬਨਾਮ ਸਹਿਨਸ਼ੀਲਤਾ ਦੀ ਰਾਜਨੀਤਿਕ ਚਾਲ ਖੁਲ੍ਹੇਆਮ ਰਚੀ ਜਾ ਰਹੀ ਸੀ| ਸੱਤਾਵਿਰੋਧੀ ਲੇਖਕਾਂ – ਕਲਾਕਾਰਾਂ ਤੇ ਤਰ੍ਹਾਂ – ਤਰ੍ਹਾਂ ਦੇ ਹਮਲੇ ਹੋ ਰਹੇ ਸਨ| ਦਾਦਰੀ ਵਿੱਚ ਲੇਖਕ ਇਖਲਾਕ ਦੀ ਹੱਤਿਆ ਭਾਰਤੀ ਸਮਾਜ ਦੇ ਤਾਣੇ – ਬਾਣੇ ਨੂੰ ਨਸ਼ਟ ਕਰਨ ਦਾ ਸਬੂਤ ਬਣ ਗਈ ਸੀ| ਉਦੋਂ ਵੀ ਬਹੁਤ ਸਾਰੇ ਲੇਖਕਾਂ – ਕਲਾਕਾਰਾਂ ਨੇ ਚੁੱਪੀ ਸਾਧੀ ਹੋਈ ਸੀ ਕਿ ਅਸੀਂ ਕਿਉਂ ਬੋਲੀਏ ਅਤੇ ਐਂਵੇਂ ਹੀ ਕਿਉਂ ਮੁਸੀਬਤ ਮੁੱਲ ਲਈਏ | ਜਿਵੇਂ ਮੰਨ ਲਿਆ ਜਾਵੇ ਕਿ ਉਨ੍ਹਾਂ ਦੀਆਂ ਰਚਨਾਵਾਂ, ਉਨ੍ਹਾਂ ਦਾ ਕਲਾ ਕਰਮ ਇਸ ਸਮਾਜ ਤੋਂ ਪਰੇ ਹੋਵੇ|
ਪਰ ਉਦੋਂ 90 ਸਾਲ ਦੀ ਉਮਰ ਵਿੱਚ ਸਰੀਰਕ ਰੂਪ ਨਾਲ ਥੋੜ੍ਹੀ ਕਮਜੋਰ ਕ੍ਰਿਸ਼ਣਾ ਸੋਬਤੀ ਦਿੱਲੀ ਦੇ ਮਾਵਲੰਕਰ ਸਟੇਡੀਅਮ ਪਹੁੰਚੀ ਅਤੇ ਉਥੇ ਇਸ ਹਾਲਾਤ ਦੇ ਵਿਰੋਧ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਆਪਣੀ ਗੱਲ ਦਮਦਾਰ ਤਰੀਕੇ ਨਾਲ ਰੱਖੀ| ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਸਾਹਿਤ ਨਾਲ ਕੋਈ ਲੈਣ ਦੇਣ ਤੇ ਜਾਣ ਪਹਿਚਾਣ ਹੀ ਨਹੀਂ ਹੈ, ਜਿਨ੍ਹਾਂ ਨੂੰ ਭਾਰਤੀਅਤਾ ਦਾ ਕੋਈ ਬੋਧ ਹੀ ਨਹੀਂ ਹੈ, ਉਹ ਲੇਖਕਾਂ ਨੂੰ ਭਾਰਤੀਅਤਾ ਸਿਖਾਉਣ ਅਤੇ ਉਨ੍ਹਾਂ ਦੇ ਵਿਰੋਧ ਨੂੰ ਮੈਨੂੰਫੈਕਚਰਡ ਦੱਸਣ, ਸਾਡੇ ਸਮੇਂ ਦੀ ਇਸ ਤੋਂ ਵੱਡੀ ਕੋਈ ਦੂਜੀ ਤ੍ਰਾਸਦੀ ਨਹੀਂ ਹੋ ਸਕਦੀ| ਅਜਿਹੀ ਸੀ ਕ੍ਰਿਸ਼ਣਾ ਸੋਬਤੀ ਦੀ ਵਿਚਾਰਿਕ ਤਾਕਤ| ਅੱਜ ਅਜਿਹੇ ਲੋਕ ਉਂਗਲੀਆਂ ਤੇ ਗਿਣੇ – ਚੁਣੇ ਰਹਿ ਗਏ ਹਨ , ਜੋ ਜਿੰਨੀ ਸੱਚਾਈ ਅਤੇ ਵਚਨਬਧਤਾ ਨਾਲ ਲਿਖਦੇ ਹਨ , ਓਨੀ ਹੀ ਸੱਚਾਈ ਨਾਲ ਆਪਣੇ ਆਦਰਸ਼ਾਂ ਨੂੰ ਜਿੱਤਦੇ ਵੀ ਹਨ| ਨਹੀਂ ਤਾਂ ਵੱਡੇ – ਵੱਡੇ ਲੇਖਕਾਂ ਦਾ ਵੀ ਹਾਲ ਇਹ ਹੈ ਕਿ ਕਿਸੇ ਤਰ੍ਹਾਂ ਸਨਮਾਨ , ਇਨਾਮ ਜਾਂ ਸਰਕਾਰੀ ਅਕਾਦਮੀਆਂ ਵਿੱਚ ਕਿਸੇ ਅਹੁਦੇ ਦਾ ਜੁਗਾੜ ਹੋ ਜਾਵੇ ਅਤੇ ਉਭਰਦੇ ਲੇਖਕ ਉਨ੍ਹਾਂ ਦੇ ਚਰਨ ਸਪਰਸ਼ ਕਰਕੇ ਉਨ੍ਹਾਂ ਨੂੰ ਮਹਾਨ ਹੋਣ ਦਾ ਭਰੋਸਾ ਦਿੰਦੇ ਰਹਿੰਦੇ ਹਨ |
2010 ਵਿੱਚ ਕ੍ਰਿਸ਼ਣਾ ਸੋਬਤੀ ਨੇ ਪਦਮ ਭੂਸ਼ਣ ਸਨਮਾਨ ਇਹ ਕਹਿ ਕੇ ਲੈਣ ਤੋਂ ਨਾਂਹ ਕਰ ਦਿਤੀ ਸੀ ਕਿ ਇੱਕ ਲੇਖਕ ਦੇ ਤੌਰ ਤੇ ਉਸ ਨੂੰ ਸੱਤਾ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ | 2002 ਵਿੱਚ ਬੇਬੀ ਹਾਲਦਾਰ ਦੀ ਕਿਤਾਬ ਪ੍ਰਕਾਸ਼ਿਤ ਹੋਈ| ਘੱਟ ਉਮਰ ਵਿੱਚ ਵਿਆਹ, ਬੱਚੇ , ਜੀਵਨ ਬਤੀਤ ਕਰਨ ਲਈ ਘਰਾਂ ਵਿੱਚ ਝਾੜੂ ਪੋਚੇ ਦਾ ਕੰਮ ਕਰਨ ਤੋਂ ਲੈ ਕੇ ਲੇਖਿਕਾ ਬਨਣ ਦਾ ਸਫਰ ਬੇਬੀ ਹਾਲਦਾਰ ਦੀ ਇਸ ਆਤਮਕਥਾਤਮਕ ਕਿਤਾਬ ਵਿੱਚ ਦਰਜ ਹੈ | ਬੇਬੀ ਦੇ ਜੀਵਨ ਸੰਘਰਸ਼ ਨੂੰ ਪੜ੍ਹ ਕੇ ਕ੍ਰਿਸ਼ਣਾ ਸੋਬਤੀ ਖੁਦ ਉਨ੍ਹਾਂ ਨੂੰ ਮਿਲਣ ਗਈ| ਇੱਕ ਸਥਾਪਿਤ, ਮਸ਼ਹੂਰ ਲੇਖਿਕਾ ਦਾ ਇੱਕ ਉਭਰਦੀ ਲੇਖਿਕਾ ਲਈ ਅਜਿਹਾ ਸੁਭਾਅ ਅਜੋਕੇ ਵਕਤ ਵਿੱਚ ਅਨੋਖਾ ਹੀ ਹੈ| ਇਨ੍ਹਾਂ ਦੋਵਾਂ ਦੀ ਮਿਲਣੀ ਨੂੰ ਸ਼ਾਇਦ ਇੱਕ ਯੁੱਗ ਦੀ ਇਸਤਰੀ ਸ਼ਕਤੀ ਦੀ ਦੂਜੇ ਯੁੱਗ ਦੀ ਇਸਤਰੀ ਸ਼ਕਤੀ ਨਾਲ ਮੁਲਾਕਾਤ ਵੀ ਕਿਹਾ ਜਾ ਸਕਦਾ ਹੈ| ਐ ਕੁੜੀ, ਮਿੱਤਰੋ ਮਰਜਾਨੀ, ਡਾਰ ਤੋਂ ਵਿੱਛੜੀ, ਜਿੰਦਗੀਨਾਮਾ ਸਮੇਤ ਉਨ੍ਹਾਂ ਦੀਆਂ ਤਮਾਮ ਰਚਨਾਵਾਂ ਇਸਤਰੀ ਵਿਚਾਰਾਂ ਦਾ ਨਵਾਂ ਮੁਹਾਵਰਾ ਬਣਾਉਂਦੀਆਂ ਹਨ| ਪਰ ਉਨ੍ਹਾਂ ਦੀਆਂ ਰਚਨਾਵਾਂ ਸਿਰਫ ਔਰਤਾਂ ਦੇ ਦਾਇਰੇ ਵਿੱਚ ਕੈਦ ਨਹੀਂ ਰਹੀਆਂ, ਇਹ ਉਨ੍ਹਾਂ ਦੀ ਆਤਮ ਕਥਾ ਨੂੰ ਪੜ੍ਹ ਕੇ ਸਹਿਜੇ ਹੀ ਅਨੁਭਵ ਕੀਤਾ ਜਾ ਸਕਦਾ ਹੈ|
ਮਰਦ ਪ੍ਰਧਾਨ ਸਮਾਜ ਵਿੱਚ ਕ੍ਰਿਸ਼ਣਾ ਸੋਬਤੀ ਨੇ ਔਰਤ ਦੀ ਨਜ਼ਰ ਨੂੰ ਉਹ ਤਾਕਤ ਦਿੱਤੀ ਹੈ ਜਿਸ ਨੂੰ ਸਿਰਫ ਮਰਦ ਰਹਿ ਕੇ ਕੋਈ ਵਿਅਕਤੀ ਸਿਰਫ ਮਰਦ – ਅਨੁਭਵ ਨਾਲ ਸੰਭਵ ਨਹੀਂ ਕਰ ਸਕਦਾ, ਨਾ ਹੀ ਕੋਈ ਇਸਤਰੀ, ਇਸਤਰੀ ਵਰਗ ਦੀਆਂ ਸੀਮਾਵਾਂ ਨੂੰ ਪਾਰ ਕੀਤੇ ਬਿਨਾਂ ਇਹਨਾਂ ਮਨੁੱਖੀ ਗੱਲਾਂ ਨੂੰ ਛੂਹ ਸਕਦੀ ਹੈ| ਅਜਿਹਾ ਪਾਠ ਸਾਹਿਤ ਅਤੇ ਕਲਾਵਾਂ ਵਿੱਚ ਅਰਧਨਾਰੀਸ਼ਵਰ ਦੀ ਰਚਨਾਤਮਕ ਸੰਭਾਵਨਾਵਾਂ ਵੱਲ ਇਸ਼ਾਰਾ ਕਰਦਾ ਹੈ| ਉਹ ਕਿਹਾ ਕਰਦੀ ਸੀ – ਮੇਰੇ ਆਲੇ ਦੁਆਲੇ ਦੀ ਆਬੋਹਵਾ ਨੇ ਮੇਰੇ ਰਚਨਾ ਸੰਸਾਰ ਅਤੇ ਉਸਦੀ ਭਾਸ਼ਾ ਨੂੰ ਤੈਅ ਕੀਤਾ| ਜੋ ਮੈਂ ਵੇਖਿਆ, ਜੋ ਮੈਂ ਜੀਵਿਆ, ਉਹੀ ਮੈਂ ਲਿਖਿਆ, ਹਰ ਸੰਭਵ ਬੇਬਾਕੀ ਦੇ ਨਾਲ| ਬਿਨਾਂ ਇਹ ਸੋਚੇ ਕਿ ਉਹ ਪੜ੍ਹਣਗੇ ਤਾਂ ਲੋਕ ਕੀ ਕਹਿਣਗੇ| ਲੇਖਕਾਂ ਦੀ ਦੁਨੀਆਂ ਵੀ ਮਰਦਾਂ ਦੀ ਦੁਨੀਆ ਹੈ, ਪਰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਛਪਿਆ ਵੀ ਅਤੇ ਪੜ੍ਹਿਆ ਵੀ ਗਿਆ|
ਬੇਸ਼ੱਕ ਕ੍ਰਿਸ਼ਣਾ ਸੋਬਤੀ ਦੀਆਂ ਰਚਨਾਵਾਂ ਬਹੁਤ ਪੜ੍ਹੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੂਬ ਪੜ੍ਹੀਆਂ ਜਾਂਦੀਆਂ ਰਹਿਣਗੀਆਂ| ਕਿਉਂਕਿ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਪੜ੍ਹਨ ਦੇ ਨਾਲ – ਨਾਲ ਪਾਠਕ ਦੀ ਆਪਣੀ ਨਜ਼ਰ ਵੀ ਵਿਕਸਿਤ ਹੁੰਦੀ ਹੈ ਕਿ ਉਹ ਯਥਾਸਥਿਤੀਵਾਦ ਤੋਂ ਪਾਰ ਦੇਖਣ ਦੀ ਕੋਸ਼ਿਸ਼ ਕਰ ਸਕੇ|
ਕ੍ਰਿਸ਼ਣਾ ਸੋਬਤੀ ਨੇ ਇੱਕ ਵਾਰ ਕਿਹਾ ਸੀ – ਮੈਂ ਉਸ ਸਦੀ ਦੀ ਫਸਲ ਹਾਂ ਜਿਸਨੇ ਬਹੁਤ ਕੁੱਝ ਦਿੱਤਾ ਅਤੇ ਬਹੁਤ ਕੁੱਝ ਖੋਹ ਲਿਆ| ਮਤਲਬ ਇੱਕ ਸੀ ਆਜਾਦੀ ਅਤੇ ਇੱਕ ਸੀ ਦੇਸ਼ ਦੀ ਵੰਡ| ਮੇਰਾ ਮੰਨਣਾ ਹੈ ਕਿ ਲੇਖਕ ਸਿਰਫ ਆਪਣੀ ਲੜਾਈ ਨਹੀਂ ਲੜਦਾ ਅਤੇ ਨਾ ਹੀ ਸਿਰਫ ਆਪਣੇ ਦੁਖ – ਦਰਦ ਅਤੇ ਖੁਸ਼ੀ ਦਾ ਲੇਖਾ -ਜੋਖਾ ਪੇਸ਼ ਕਰਦਾ ਹੈ| ਲੇਖਕ ਨੂੰ ਉੱਗਣਾ ਹੁੰਦਾ ਹੈ, ਭਿੜਨਾ ਹੁੰਦਾ ਹੈ ਹਰ ਮੌਸਮ ਅਤੇ ਹਰ ਦੌਰ ਨਾਲ| ਨਜਦੀਕ ਅਤੇ ਦੂਰ ਹੁੰਦੇ ਰਿਸ਼ਤਿਆਂ ਦੇ ਨਾਲ, ਰਿਸ਼ਤਿਆਂ ਦੇ ਗੁਣਾ ਅਤੇ ਭਾਗ ਦੇ ਨਾਲ| ਇਤਿਹਾਸ ਦੇ ਫੈਸਲਿਆਂ ਅਤੇ ਫ਼ਾਸਲਿਆਂ ਦੇ ਨਾਲ| ਜੀਵਨ ਨੂੰ ਅਤੇ ਲੇਖਕ ਦੇ ਜੀਵਨ ਨੂੰ ਇੰਨੇ ਸਰਲ ਤਰੀਕੇ ਨਾਲ ਹੁਣ ਭਲਾ ਕੌਣ ਸਮਝਾਵੇਗਾ|
ਰਜਤ ਕੁਮਾਰ

Leave a Reply

Your email address will not be published. Required fields are marked *