ਪਾਣੀ ਦਾ ਗੰਭੀਰ ਸੰਕਟ

ਪਾਣੀ ਸਾਨੂੰ ਕੁਦਰਤ ਵੱਲੋਂ ਬਖਸਿਆ ਅਜਿਹਾ ਅਨਮੋਲ ਅੰਮ੍ਰਿਤ ਹੈ ਜਿਸ ਦੇ ਕਰਕੇ ਹੀ ਧਰਤੀ ਤੇ ਜੀਵਨ ਪਾਇਆ ਜਾਂਦਾ ਹੈ, ਪਾਣੀ ਦੀ ਅਣਹੋਂਦ ਕਰਕੇ ਹੋਰ ਗ੍ਰਹਿਆਂ ਤੇ ਜੀਵਨ ਨਹੀਂ ਲੱਭਿਆ ਜਾ ਸਕਿਆ| ਪਾਣੀ ਸਾਡੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵਿੱਚੋਂ ਇੱਕ ਅਤਿ ਜ਼ਰੂਰੀ ਤਰਲ ਪਦਾਰਥ ਹੈ ਜਿਸ ਤੋਂ ਬਿਨਾਂ ਕੋਈ ਵੀ ਪ੍ਰਾਣੀ ਜੀਵਿਤ ਨਹੀਂ ਰਹਿ ਸਕਦਾ | ਪਾਣੀ ਪੀਣ ਤੋਂ ਬਿਨਾ ਹੋਰ ਅਨੇਕਾਂ ਹੀ ਰੋਜ਼-ਮਰਾ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ| ਹੁਣ ਦੇਸ਼ ਭਰ ਵਿੱਚ ਜਿਉਂ-ਜਿਉਂ ਗਰਮੀ ਜੋਰ ਫੜ੍ਹਦੀ ਜਾ ਰਹੀ ਹੈ, ਤਿਉਂ-ਤਿਉਂ ਪਾਣੀ ਦੇ ਸੰਕਟ ਉੱਪਰ ਵੀ ਵਿਚਾਰਾਂ ਵੀ ਹੋਣ ਲੱਗ ਪਈਆਂ ਹਨ| ਖਾਸ ਕਰਕੇ ਵੱਡੇ-ਵੱਡੇ ਸਹਿਰਾਂ ਵਿੱਚ ਪਾਣੀ ਦੀ ਸਮੱਸਿਆ ਪੈਣ ਹੋਣ ਲੱਗੀ ਹੈ ਜਿਸ ਸਬੰਧੀ ਆਏ ਦਿਨ ਅਖਬਾਰਾਂ ਵਿੱਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਉੱਥੇ ਹੀ ਪਾਣੀ ਦੇ ਸੰਕਟ ਨੂੰ ਲੈ ਕੇ ਕੁਝ ਖੋਜੀ ਸੰਸਥਾਵਾਂ ਅਤੇ ਵੱਖ-ਵੱਖ ਮਾਹਿਰਾਂ ਵੱਲੋਂ ਸਮੇਂ-ਸਮੇਂ ਤੇ ਚਿਤਾਵਨੀਆਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਜੇਕਰ ਅਸੀਂ ਪਾਣੀ ਦੀ ਇਵੇਂ ਹੀ ਦੁਰਵਰਤੋਂ ਕਰਦੇ ਰਹੇ ਅਤੇ ਪਾਣੀ ਦੀ ਸਹੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ| ਉਪਗ੍ਰਹਿ ਪ੍ਰਣਾਲੀ ਦੇ ਅਧਿਐਨ ਤੇ ਆਧਾਰਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਬਹੁਤ ਛੇਤੀ ਪਾਣੀ ਦੀ ਭਾਰੀ ਸਮੱਸਿਆ ਵਿੱਚੋਂ ਗੁਜਰ ਸਕਦਾ ਹੈ| ਦੁਨੀਆਂ ਭਰ ਦੇ 500,000 ਬੰਨਾਂ ਉੱਪਰ ਕੀਤੇ ਇੱਕ ਅਧਿਐਨ ਦੇ ਅਨੁਸਾਰ ਭਾਰਤ, ਪਾਕਿਸਤਾਨ, ਇਰਾਕ ਅਤੇ ਸਪੇਨ ਆਦਿ ਦੇਸ਼ਾਂ ਵਿੱਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ| ਧਰਤੀ ਹੇਠਲੇ ਜਲ-ਭੰਡਾਰਾਂ ਵਿੱਚ ਪਾਣੀ ਲਗਾਤਾਰ ਘੱਟ ਰਿਹਾ ਹੈ ਕਿਉਂਕਿ ਇੱਕ ਪਾਸੇ ਧਰਤੀ ਵਿੱਚੋਂ ਬੇਹਤਾਸ਼ਾ ਪਾਣੀ ਕੱਢਿਆ ਜਾ ਰਿਹਾ ਹੈ| ਦੂਜੇ ਪਾਸੇ ਦਰਖਤਾਂ ਦੀ ਅਨ੍ਹੇਵਾਹ ਕਟਾਈ ਅਤੇ ਜੰਗਲਾਂ ਹੇਠ ਰਕਬਾ ਦਿਨੋ-ਦਿਨ ਘੱਟ ਰਿਹਾ ਜਿਸ ਕਾਰਨ ਮੀਂਹ ਪੈਣੇ ਬਹੁਤ ਘੱਟ ਗਏ ਹਨ| ਮੀਂਹ ਘਟਣ ਕਰਕੇ ਅੱਜ-ਕੱਲ੍ਹ ਖੇਤੀ ਵੀ ਜਿਆਦਾਤਰ ਧਰਤੀ ਹੇਠਲੇ ਪਾਣੀ ਨਾਲ ਹੀ ਕੀਤੀ ਜਾਣ ਲੱਗੀ ਹੈ| ਮਕਾਨ ਉਸਾਰੀ ਵਾਲੀਆਂ ਕੰਪਨੀਆਂ ਅਤੇ ਕਈ ਫੈਕਟਰੀਆਂ ਵੀ ਪਾਣੀ ਦੇ ਸੰਕਟ ਨੂੰ ਵਧਾਉਣ ਵਿੱਚ ਪੂਰਾ ਯੋਗਦਾਨ ਪਾ ਰਹੀਆ ਹਨ|
ਵਰਲਡ ਰਿਸੋਰਸਸ ਇੰਸਟੀਚਿਊਟ (ਡਬਲਿਊ.ਆਰ.ਆਈ ) ਦੇ ਅਨੁਸਾਰ ਵੱਧਦੀ ਮੰਗ, ਕੁਪ੍ਰਬੰਧ ਅਤੇ ਜਲਵਾਯੂ ਦੀ ਤਬਦੀਲੀ ਦੇ ਕਾਰਨ ਕਈ ਦੇਸ਼ ਪਾਣੀ ਦੇ ਸੰਕਟ ਨਾਲ ਜੂਝ ਸਕਦੇ ਹਨ| ਅਮਰੀਕਾ ਸਥਿਤ ਵਾਤਾਵਰਣ ਸੰਗਠਨ, ਡੇਲਟਾਰੇਸ, ਡੱਚ ਸਰਕਾਰ ਅਤੇ ਹੋਰ ਸਾਝੇਦਾਰਾਂ ਨਾਲ ਮਿਲ ਕੇ ਪਾਣੀ ਅਤੇ ਸੁਰੱਖਿਆ ਸਬੰਧੀ ਮਿਲੀ ਪੂਰਵ ਚਿਤਾਵਨੀ ਤੇ ਕੰਮ ਕਰ ਰਿਹਾ ਹੈ ਜਿਸਦਾ ਮਕਸਦ ਸਮਾਜਿਕ ਸਥਿਰਤਾ, ਆਰਥਿਕ ਨੁਕਸਾਨ ਅਤੇ ਸੀਮਾ ਪਾਰ ਘੁਸਪੈਠ ਦਾ ਅੰਕਲਨ ਕਰਨਾ ਹੈ| ਇੱੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਘੱਟ ਮੀਂਹ ਦੀ ਵਜ੍ਹਾ ਕਰਨ ਮੱਧ ਪ੍ਰਦੇਸ਼ ਦੇ ਬੰਨ੍ਹ ਇੰਦਰਾ ਸਾਗਰ ਦੇ ਉੱਪਰੀ ਹਿੱਸੇ ਵਿੱਚ ਪਾਣੀ ਆਪਣੇ ਸਭ ਤੋਂ ਹੇਠਲੇ ਹਿੱਸੇ ਵਿੱਚ ਪਹੁੰਚ ਗਿਆ ਹੈ| ਜਦੋਂ ਇਸਦੀ ਭਰਪਾਈ ਲਈ ਹੇਠਲੇ ਖੇਤਰ ਵਿੱਚ ਸਥਿਤ ਸਰਦਾਰ ਸਰੋਵਰ ਜਲ-ਭੰਡਾਰ ਵਿੱਚੋਂ ਪਾਣੀ ਲਿਆ ਗਿਆ ਤਾਂ ਇਸਨੂੰ ਲੈ ਕੇ ਵੀ ਕਾਫ਼ੀ ਬਵਾਲ ਮੱਚ ਗਿਆ| ਦਰਅਸਲ ਇਸ ਜਲ ਭੰਡਾਰ ਵਿੱਚੋਂ ਲਗਭਗ 30 ਕਰੋੜ ਲੋਕਾਂ ਦੇ ਪੀਣ ਦਾ ਪਾਣੀ ਪ੍ਰਬੰਧ ਕੀਤਾ ਜਾਂਦਾ ਹੈ| ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਆਦਿ ਭਾਰਤ ਦੇ ਰਾਜਾ ਵਿੱਚ ਪਾਣੀ ਨੂੰ ਲੈ ਕੇ ਅਕਸਰ ਰਾਜਨੀਤਕ ਜੰਗ ਚਲਦੀ ਰਹਿੰਦੀ ਹੈ ਕਿਉਂਕਿ ਪਾਣੀ ਨਾਲ ਸਥਾਨਕ ਲੋਕਾਂ ਦੀ ਜ਼ਿੰਦਗੀ ਜੁੜੀ ਹੈ| ਸਮਾਜ ਸੇਵੀ ਸੰਸਥਾਵਾ ਪਾਣੀ ਦੀ ਸਾਭ-ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ| ਪਿੱਛੇ ਜਿਹੇ ਗੁਜਰਾਤ ਸਰਕਾਰ ਨੇ ਵੀ ਕਿਸਾਨਾਂ ਨੂੰ ਝੋਨੇ ਦੀ ਫਸਲ ਨਾ ਲਗਾਉਣ ਦੀ ਅਪੀਲ ਕੀਤੀ ਸੀ| ਪੰਜਾਬ ਵਿੱਚ ਵੀ ਅਜਿਹੀਆਂ ਅਪੀਲਾਂ ਅਕਸਰ ਹੁੰਦੀਆਂ ਹਨ ਅਤੇ ਫ਼ਸਲੀ ਚੱਕਰ ਨੂੰ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਪਰ ਜਿਸ ਦਾ ਅਸਰ ਘੱਟ ਹੀ ਹੁੰਦਾ ਹੈ| ਪਾਣੀ ਸੰਕਟ ਦਾ ਇੱਕਮਾਤਰ ਕਾਰਨ ਇਹ ਨਹੀਂ ਹੈ ਕਿ ਮੀਂਹ ਦੀ ਮਾਤਰਾ ਘੱਟ ਹੁੰਦੀ ਜਾ ਰਹੀ ਹੈ| ਇਜਰਾਇਲ ਵਰਗੇ ਦੇਸ਼ਾਂ ਵਿੱਚ ਜਿੱਥੇ ਵਰਖਾ ਦਾ ਔਸਤ 25 ਸੈਂ.ਮੀ. ਤੋਂ ਵੀ ਘੱਟ ਹੈ, ਉੱਥੇ ਵੀ ਜੀਵਨ ਚੱਲ ਰਿਹਾ ਹੈ| ਉੱਥੇ ਪਾਣੀ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਜਾਂਦੀ| ਉੱਥੇ ਪਾਣੀ ਦੀ ਪ੍ਰਬੰਧ ਤਕਨੀਕ ਅਤਿ ਵਿਕਸਿਤ ਹੋਣ ਕਰਕੇ ਪਾਣੀ ਦੀ ਕਮੀ ਦਾ ਅਹਿਸਾਸ ਨਹੀਂ ਹੋਣ ਦਿੰਦੀ| ਭਾਰਤ ਵਿੱਚ 15 ਫ਼ੀਸਦੀ ਪਾਣੀ ਦੀ ਵਰਤੋਂ ਹੁੰਦੀ ਹੈ , ਬਾਕੀ ਪਾਣੀ ਰੁੜ੍ਹਕੇ ਸਮੁੰਦਰ ਵਿੱਚ ਚਲਾ ਜਾਂਦਾ ਹੈ| ਸ਼ਹਿਰਾਂ ਅਤੇ ਉਦਯੋਗਾਂ ਵਿੱਚੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥ ਨੂੰ ਨਦੀਆਂ ਵਿੱਚ ਡੇਗ ਦਿੱਤਾ ਜਾਂਦਾ ਹੈ ਜੋ ਕਿ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਪੀਣ ਲਾਇਕ ਨਹੀਂ ਰਹਿਣ ਦਿੰਦਾ| ਪਾਣੀ ਦੇ ਵਧਦੇ ਸੰਕਟ ਨੂੰ ਵੇਖਦੇ ਕਿਹਾ ਜਾ ਸਕਦਾ ਹੈ ਕਿ ਜਿਵੇਂ ਅੱਜ ਸੰਸਾਰ ਵਿੱਚ ਤੇਲ ਲਈ ਲੜਾਈ ਹੋ ਰਹੀ ਹੈ| ਭਵਿੱਖ ਵਿੱਚ ਕਿਤੇ ਅਜਿਹਾ ਨਾ ਹੋਵੇ ਕਿ ਸੰਸਾਰ ਵਿੱਚ ਪਾਣੀ ਲਈ ਲੜਾਈ ਹੋ ਜਾਵੇ|
ਮਨਦੀਪ ਗਿੱਲ

Leave a Reply

Your email address will not be published. Required fields are marked *