ਪਾਣੀ ਦੀ ਘਾਟ ਕਾਰਨ  ਲੋਕਾਂ ਵਿਚ ਹਾਹਾਕਾਰ, ਟੈਂਕਰਾਂ ਰਾਹੀਂ ਕੀਤਾ ਜਾ ਰਿਹਾ ਹੈ ਪਾਣੀ ਦਾ ਪ੍ਰਬੰਧ

ਐਸ ਏ ਐਸ ਨਗਰ, 6 ਜੂਨ (ਸ. ਬ.) ਮੁਹਾਲੀ ਦੇ ਫੇਜ 3ਬੀ 2 ਵਿਚ ਪਾਣੀ ਦੀ ਸਪਲਾਈ ਦਾ ਇੰਨਾ ਬੁਰਾ ਹਾਲ ਹੈ ਕਿ ਉਪਰਲੀਆਂ ਮੰਜਿਲਾਂ ਉਪਰ ਤਾਂ ਪਾਣੀ ਚੜਦਾ ਹੀ ਨਹੀਂ,     ਹੇਠਲੀਆਂ ਮਜਿਲਾਂ ਉਪਰ ਵੀ ਪਾਣੀ ਦਾ ਪ੍ਰੈਸਰ ਕਾਫੀ ਘੱਟ ਹੁੰਦਾ ਹੈ| ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ|
ਪਾਣੀ ਦੇ ਪ੍ਰਬੰਧ ਲਈ ਲੋਕਾਂ ਨੂੰ ਹੁਣ ਪਾਣੀ ਵਾਲੇ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ| 3 ਬੀ 2 ਦੀ ਮਾਰਕੀਟ ਵਿਚ ਸਥਿਤ ਸ਼ੋਅਰੂਮਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸ਼ੋਰੂਮ ਮਾਲਕਾਂ ਤੇ ਸੰਚਾਲਕਾਂ ਨੂੰ ਵੀ ਪਾਣੀ ਦੀ ਪ੍ਰਾਪਤੀ ਲਈ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਅਤੇ ਟੈਕਰਾਂ ਵਾਲਿਆਂ ਦੀ ਚਾਂਦੀ ਹੋ ਰਹੀ ਹੈ| ਪਾਣੀ ਦੇ ਟੈਕਰਾਂ ਵਾਲੇ ਮਨਮਰਜੀ ਦੇ ਦਾਮ ਵਸੂਲ ਰਹੇ ਹਨ ਅਤੇ ਇਸ ਕਾਰਣ ਇਸ ਇਲਾਕੇ ਦੇ ਲੋਕਾਂ ਉਪਰ ਦੋਹਰੀ ਮਾਰ ਪੈ ਰਹੀ ਹੈ|
ਮਾਰਕੀਟ ਦੇ ਦੁਕਾਨਦਾਰ ਸ੍ਰ. ਅਮਰੀਕ ਸਿੰਘ ਸਾਜਨ ਕਹਿੰਦੇ ਹਨ ਕਿ ਟੈਂਕਰ ਵਾਲੇ 1200 ਰੁਪਏ ਮੰਗਦੇ ਹਨ ਅਤੇ ਮਜਬੂਰੀ ਵਿੱਚ ਇਹ ਰਕਮ ਖਰਚ ਕਰਨੀ ਪੈਂਦੀ ਹੈ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਤੋਂ ਟੈਕਸਾਂ ਦੀ ਵਸੂਲੀ ਤਾਂ ਭਰਪੂਰ ਕੀਤੀ ਜਾਂਦੀ ਹੈ ਪਰੰਤੂ ਨਾਗਰਿਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ|
ਪਿਛਲੇ ਕਈ ਸਾਲਾਂ ਤੋਂ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪੂਰੇ ਸ਼ਹਿਰ ਵਿਚ ਹੀ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਜਾਂਦੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ        ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਭਾਵੇਂ ਕਿ ਪ੍ਰਸ਼ਾਸਨ ਵਲੋਂ ਪਾਣੀ ਦੀ ਘਾਟ ਦੂਰ ਕਰਨ ਲਈ ਦਾਅਵੇ ਬਹੁਤ ਕੀਤੇ ਜਾਂਦੇ ਹਨ ਪਰ ਫਿਰ ਵੀ ਹਰ ਸਾਲ ਹੀ ਗਰਮੀਆਂ ਵਿਚ ਪਾਣੀ ਦੀ ਘਾਟ ਬਹੁਤ ਵੱਡੇ ਪੱਧਰ ਉਪਰ ਆ ਜਾਂਦੀ ਹੈ,ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Leave a Reply

Your email address will not be published. Required fields are marked *