ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਹੋਵੇ ਇਕਸਾਰ ਕਾਰਵਾਈ

ਗਰਮੀਆਂ ਦਾ ਮੌਸਮ ਆਪਣੇ ਸ਼ਿਖਰ ਤੇ ਹੈ ਅਤੇ ਆਏ ਦਿਨ ਪਾਰਾ ਆਪਣੇ ਪਿਛਲੇ ਰਿਕਾਰਡ ਤੋੜ ਦਿੰਦਾ ਹੈ| ਇਸ ਸਾਲ ਗਰਮੀ ਕੁੱਝ ਜਿਆਦਾ ਹੀ ਪੈ ਰਹੀ ਹੈ ਅਤੇ ਇਸਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਦੀ ਦੀ ਭਾਰੀ ਕਿੱਲਤ ਦਾ ਸਾਮ੍ਹਣਾ ਵੀ ਕਰਨਾ ਪੈ ਰਿਹਾ ਹੈ| ਅਜਿਹਾ ਹਰ ਸਾਲ ਹੀ ਹੁੰਦਾ ਹੈ ਅਤੇ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਜਦੋਂ ਪੀਣ ਵਾਲੇ ਪਾਣੀ ਦੀ ਲੋੜ ਵੱਧਦੀ  ਹੈ ਉਦੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਭਾਰੀ ਸੰਕਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਉਹ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਦੀ ਸਮਰਥ ਨਹੀਂ ਹੋ ਪਾਇਆ ਹੈ|
ਤੇਜ ਗਰਮੀ ਦੇ ਮੌਸਮ ਵਿੱਚ ਜਿੱਥੇ ਇੱਕ ਪਾਸੇ ਸ਼ਹਿਰ ਵਾਸੀਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਆਮ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਨਹੀਂ ਹੁੰਦੀ ਉੱਥੇ ਦੂਜੇ ਪਾਸੇ ਸ਼ਹਿਰ ਦੇ ਅਜਿਹੇ ਵਸਨੀਕਾਂ (ਜਿਹੜੇ ਹੇਠਲੀਆਂ ਮੰਜਿਲਾਂ ਤੇ ਰਹਿੰਦੇ ਹਨ) ਵਲੋਂ ਸਵੇਰੇ ਵੇਲੇ ਆਪਣੀਆਂ ਬਗੀਚੀਆਂ ਨੂੰ ਪਾਣੀ ਦੇਣ ਅਤੇ ਗੱਡੀਆਂ ਧੋਣ ਲਈ ਪਾਣੀ ਦੀ ਸਪਲਾਈ ਲਾਈਨ ਤੋਂ ਬਾਕਾਇਦਾ ਪਾਈਪ ਲਗਾ ਕੇ ਪਾਣੀ ਦੀ ਕੀਤੀ ਜਾਂਦੀ ਦੁਰਵਰਤੋਂ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਕਰਨ ਵਾਲੀ ਸਾਬਿਤ ਹੁੰਦੀ ਹੈ| ਪਾਣੀ ਦਾ ਪ੍ਰੈਸ਼ਰ ਤਾਂ ਪਹਿਲਾਂ ਹੀ ਘੱਟ ਹੁੰਦਾ ਹੈ ਅਤੇ ਹੇਠਲੀਆਂ ਮੰਜਿਲਾਂ ਦੇ ਵਸਨੀਕਾਂ ਵਲੋਂ ਟੂਟੀ ਵਿੱਚ ਪਾਈਪ ਲਗਾ ਕੇ ਕੀਤੀ ਜਾਂਦੀ ਪਾਣੀ ਦੀ ਇਸ ਦੁਰਵਰਤੋਂ ਕਾਰਨ ਉੱਪਰਲੀਆਂ ਮੰਜਿਲਾਂ ਤੇ ਪਾਣੀ ਬਿਲਕੁਲ ਵੀ ਹੀ ਨਹੀਂ ਚੜ੍ਹਦਾ ਜਿਸ ਕਾਰਨ ਉੱਪਰਲੀਆਂ ਮੰਜਿਲਾਂ ਤੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ|
ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਵੇਰ ਵੇਲੇ ਹੋਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਨ ਟੂਟੀ ਤੇ ਪਾਈਪ ਲਗਾ ਕੇ ਬੂਟਿਆਂ ਨੂੰ ਪਾਣੀ ਦੇਣ ਅਤੇ ਗੱਡੀਆਂ ਧੋਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਬਾਕਾਇਦਾ ਮਤਾ ਪਾਸ ਕਰਕੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਜੁਰਮਾਨਾ ਲਗਾਉਣ ਅਤੇ ਵਾਰ ਵਾਰ ਅਜਿਹਾ ਕਰਨ ਵਾਲੇ ਲੋਕਾਂ ਦੇ ਪਾਣੀ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ| ਨਗਰ ਨਿਗਮ ਵਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਪਾਣੀ ਦੀ ਵੱਡੇ ਪੱਧਰ ਤੇ ਹੁੰਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਇਸ ਕਾਰਵਾਈ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਸੰਬੰਧੀ ਨਗਰ ਨਿਗਮ ਵਲੋਂ ਬਿਨਾ ਕਿਸੇ ਪੱਖਪਾਤ ਦੇ ਇੱਕਸਾਰ ਕਾਰਵਾਈ ਕੀਤੀ ਜਾਵੇ| ਇਸਤੋਂ ਪਹਿਲਾਂ ਵੀ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਪੀਣ ਵਲੇ ਪਾਣੀ ਦੀ ਸਪਲਾਈ ਕਰਨ ਵਾਲੇ ਜਨ ਸਿਹਤ ਵਿਭਾਗ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਪਾਣੀ ਦੀ ਦੁਰਵਰਤੋਂ ਤੇ ਰੋਕ ਲਗਾਉਣ ਲਈ ਸਵੇਰੇ ਵੇਲੇ ਕੀਤੀ ਜਾਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਇਸ ਸੰਬੰਧੀ ਪਾਬੰਦੀ ਦੇ ਹੁਕਮ ਤਾਂ ਜਾਰੀ ਕੀਤੇ ਜਾਂਦੇ ਰਹੇ ਹਨ ਪਰੰਤੂ ਵਿਭਾਗ ਵਲੋਂ ਆਪਣੀ ਇਸ ਪਾਬੰਦੀ ਨੂੰ ਅਮਲੀ ਰੂਪ ਨਾਲ ਲਾਗੂ ਕਰਨ ਦੀ ਥਾਂ ਬਿਆਨਬਾਜੀ ਨਾਲ ਹੀ ਕੰਮ ਸਾਰ ਲਏ ਜਾਣ ਕਾਰਨ ਸ਼ਹਿਰ ਵਾਸੀਆਂ ਦੀ ਇਹ ਸਮੱਸਿਆ ਉਸੇ ਤਰ੍ਹਾਂ ਹੈ|
ਹੁਣ ਜਦੋਂ ਗਰਮੀ ਆਪਣਾ ਜੋਰ ਵਿਖਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ ਲੋਕਾਂ ਵਲੋਂ ਟੂਟੀਆਂ ਨੂੰ ਪਾਈਪ ਲਗਾ ਕੇ ਗੱਡੀਆਂ ਧੋਣ ਅਤੇ ਬੂਟਿਆਂ ਨੂੰ ਪਾਣੀ ਲਗਾਉਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਨਗਰ ਨਿਗਮ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੀ ਇਹ ਕਾਰਵਾਈ ਕਾਮਯਾਬ ਹੋਵੇ ਅਤੇ ਪਾਣੀ ਦੀ ਸਪਲਾਈ ਦੌਰਾਨ ਉਸਦੀ ਵੱਡੇ ਪੱਧਰ ਤੇ ਹੋਣ ਵਾਲੀ ਦੁਰਵਰਤੋਂ ਤੇ ਰੋਕ ਲੱਗੇ ਇਸ ਲਈ ਇਹ ਜਰੂਰੀ ਹੈ ਕਿ ਨਿਗਮ ਵਲੋਂ ਬਿਨਾ ਕਿਸੇ ਭੇਦਭਾਵ ਦੇ ਇੱਕਸਾਰ ਕਾਰਵਾਈ ਕੀਤੀ ਜਾਵੇ ਅਤੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ ਹਾਸਿਲ ਹੋਵੇ ਅਤੇ ਉਹਨਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆ ਮੁਸ਼ਕਲਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *