ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ  ਖਿਲਾਫ ਇਕਸਾਰ ਕਾਰਵਾਈ ਹੋਵੇ

ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਜਦੋਂ ਪੀਣ ਵਾਲੇ ਪਾਣੀ ਦੀ ਮੰਗ ਵਿੱਚ ਵਾਧਾ ਹੁੰਦਾ ਹੈ ਉਦੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਭਾਰੀ ਸੰਕਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ| ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਦਾਅਵਾ ਕਰ ਵਾਲੀ ਸਾਡੀ ਸਰਕਾਰ ਸ਼ਹਿਰ ਦਾ ਸਰਬਪੱਖੀ ਵਾਸ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕਰਦੀ ਹੈ ਪਰੰਤੂ ਉਹ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਦੀ ਸਮਰਥ ਨਹੀਂ ਹੋ ਪਾਈ ਹੈ|
ਇੱਕ ਤਾਂ ਗਰਮੀਆਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਲੋਕਾਂ ਦੀ ਲੋੜ ਪੂਰੀ ਨਹੀਂ ਹੁੰਦੀ ਅਤੇ ਦੂਜੇ ਪਾਸੇ ਸ਼ਹਿਰ ਦੇ ਅਜਿਹੇ ਵਸਨੀਕਾਂ (ਜਿਹੜੇ ਹੇਠਲੀਆਂ ਮੰਜਿਲਾਂ ਤੇ ਰਹਿੰਦੇ ਹਨ) ਵਲੋਂ ਸਵੇਰੇ ਵੇਲੇ ਪਾਣੀ ਦੀ ਸਪਲਾਈ ਦੀ ਪਾਈਪ ਤੋਂ ਆਪਣੀਆਂ ਬਗੀਚੀਆਂ ਨੂੰ ਪਾਣੀ ਦੇਣ ਅਤੇ ਗੱਡੀਆਂ ਧੋਣ ਲਈ ਪਾਈਪ ਲਗਾ ਕੇ ਪਾਣੀ ਦੀ ਕੀਤੀ ਜਾਂਦੀ ਦੁਰਵਰਤੋਂ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਕਰਨ ਵਾਲੀ ਸਾਬਿਤ ਹੁੰਦੀ ਹੈ| ਪਾਣੀ ਦਾ ਪ੍ਰੈਸ਼ਰ ਤਾਂ ਪਹਿਲਾਂ ਹੀ ਘੱਟ ਹੁੰਦਾ ਹੈ ਅਤੇ ਹੇਠਲੀਆਂ ਮੰਜਿਲਾਂ ਦੇ ਵਸਨੀਕਾਂ ਵਲੋਂ ਟੂਟੀ ਵਿੱਚ ਪਾਈਪ ਲਗਾ ਕੇ ਕੀਤੀ ਜਾਂਦੀ ਪਾਣੀ ਦੀ ਇਸ ਦੁਰਵਰਤੋਂ ਕਾਰਨ ਉੱਪਰਲੀਆਂ ਮੰਜਿਲਾਂ ਤੇ ਪਾਣੀ ਬਿਲਕੁਲ ਵੀ ਹੀ ਨਹੀਂ ਚੜ੍ਹਦਾ ਜਿਸ ਕਾਰਨ ਉੱਪਰਲੀਆਂ ਮੰਜਿਲਾਂ ਤੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ|
ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਵੇਰ ਵੇਲੇ ਹੋਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਨ ਟੂਟੀ ਤੇ ਪਾਈਪ ਲਗਾ ਕੇ ਬੂਟਿਆਂ ਨੂੰ ਪਾਣੀ ਦੇਣ ਅਤੇ ਗੱਡੀਆਂ ਧੋਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਮਤਾ ਲਿਆਂਦਾ ਗਿਆ ਹੈ ਜਿਸਦੇ ਤਹਿਤ ਅਜਿਹਾ ਕਰਨ ਵਾਲੇ ਲੋਕਾਂ ਨੂੰ ਜੁਰਮਾਨਾ ਲਗਾਉਣ ਅਤੇ ਵਾਰ ਵਾਰ ਅਜਿਹਾ ਕਰਨ ਵਾਲੇ ਲੋਕਾਂ ਦੇ ਪਾਣੀ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ| ਨਗਰ ਨਿਗਮ ਵਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਪਾਣੀ ਦੀ ਵੱਡੇ ਪੱਧਰ ਤੇ ਹੁੰਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਇਹ ਕਾਰਵਾਈ ਸੁਆਗਤਯੋਗ ਹੈ, ਪਰੰਤੂ ਇਸਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਸੰਬੰਧੀ ਨਗਰ ਨਿਗਮ ਵਲੋਂ ਬਿਨਾ ਕਿਸੇ ਪੱਖਪਾਤ ਦੇ ਇੱਕਸਾਰ ਕਾਰਵਾਈ ਕੀਤੀ ਜਾਵੇ|
ਇਸਤੋਂ ਪਹਿਲਾਂ ਵੀ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਪੀਣ ਵਲੇ ਪਾਣੀ ਦੀ ਸਪਲਾਈ ਕਰਨ ਵਾਲੇ ਜਨ ਸਿਹਤ ਵਿਭਾਗ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਪਾਣੀ ਦੀ ਦੁਰਵਰਤੋਂ ਤੇ ਰੋਕ ਲਗਾਵੁਣ ਲਈ ਸਵੇਰੇ ਵੇਲੇ ਕੀਤੀ ਜਾਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਇਸ ਸੰਬੰਧੀ ਪਾਬੰਦੀ ਦੇ ਹੁਕਮ ਤਾਂ ਜਾਰੀ ਕੀਤੇ ਜਾਂਦੇ ਹਨ ਪਰੰਤੂ ਜਨਸਿਹਤ ਵਿਭਾਗ ਵਲੋਂ ਆਪਣੀ ਇਸ ਪਾਬੰਦੀ ਨੂੰ ਅਮਲੀ ਰੂਪ ਨਾਲ ਲਾਗੂ ਕਰਨ ਦੀ ਥਾਂ ਬਿਆਨਬਾਜੀ ਨਾਲ ਹੀ ਕੰਮ ਸਾਰ ਲਿਆ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਦੀ ਇਹ ਸਮੱਸਿਆ ਉਸੇ ਤਰ੍ਹਾਂ ਬਣੀ ਰਹਿੰਦੀ ਹੈ|
ਹੁਣ ਜਦੋਂ ਇੱਕ ਵਾਰ ਫਿਰ ਗਰਮੀ ਨੇ ਆਪਣਾ ਜੋਰ ਵਿਖਾਉਣਾ ਆਰੰਭ ਕਰ ਦਿੱਤਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਲੋਕਾਂ ਵਲੋਂ ਟੂਟੀਆਂ ਨੂੰ ਪਾਈਪ ਲਗਾ ਕੇ ਗੱਡੀਆਂ ਧੋਣ ਅਤੇ ਬੂਟਿਆਂ ਨੂੰ ਪਾਣੀ ਲਗਾਉਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਨਗਰ ਨਿਗਮ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਸਿਰਫ ਮਤਾ ਪਾਸ ਕਰਨ ਤਕ ਹੀ ਸੀਮਿਤ ਨਹੀਂ ਰਹਿਣੀ ਚਾਹੀਦੀ ਬਲਕਿ ਇਸ ਸਮੱਸਿਆ ਦੇ ਹਲ ਲਈ ਨਿਗਮ ਵਲੋਂ ਲੋੜੀਂਦੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੀ ਇਹ ਕਾਰਵਾਈ ਕਾਮਯਾਬ ਹੋਵੇ ਅਤੇ ਪਾਣੀ ਦੀ ਸਪਲਾਈ ਦੌਰਾਨ ਉਸਦੀ ਵੱਡੇ ਪੱਧਰ ਤੇ ਹੋਣ ਵਾਲੀ ਦੁਰਵਰਤੋਂ ਤੇ ਰੋਕ ਲੱਗੇ ਇਸ ਲਈ ਇਹ ਜਰੂਰੀ ਹੈ ਕਿ ਨਿਗਮ ਵਲੋਂ ਬਿਨਾ ਕਿਸੇ ਭੇਦਭਾਵ ਦੇ ਇੱਕਸਾਰ ਕਾਰਵਾਈ ਕੀਤੀ ਜਾਵੇ ਅਤੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ ਹਾਸਿਲ ਹੋ ਸਕੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਘੱਟ ਹੋਣ|

Leave a Reply

Your email address will not be published. Required fields are marked *