ਪਾਣੀ ਦੀ ਨਿਕਾਸੀ ਦੇ ਮੁੱਦੇ ਤੇ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ ਬਰਨਾਲਾ : ਰਿਸ਼ਵ ਜੈਨ

ਪਾਣੀ ਦੀ ਨਿਕਾਸੀ ਦੇ ਮੁੱਦੇ ਤੇ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ ਬਰਨਾਲਾ : ਰਿਸ਼ਵ ਜੈਨ
ਬਿਨਾ ਲੋੜ ਤੋਂ ਫੇਜ਼ 11 ਦੀਆਂ ਅੰਦਰੂਨੀ ਪਾਈਪਾਂ ਬਦਲ ਕੇ ਕੀਤੀ ਗਈ ਪੈਸੇ ਦੀ ਬਰਬਾਦੀ ਦੀ ਵਿਜੀਲੈਂਸ ਜਾਂਚ ਹੋਵੇ : ਬਰਨਾਲਾ
ਐਸ ਏ ਐਸੋ ਨਗਰ, 24 ਅਗਸਤ (ਸ.ਬ.) ਬੀਤੇ ਕੱਲ ਹੋਈ ਭਾਰੀ ਬਰਸਾਤ ਤੋਂ ਬਾਅਦ ਫੇਜ਼ 11 ਵਿੱਚ ਪਾਣੀ ਭਰ ਜਾਣ ਅਤੇ ਉੱਥੋਂ ਦੇ ਕੁੱਝ ਮਕਾਨਾਂ ਦੇ ਅੰਦਰ ਪਾਣੀ ਜਾਣ ਤੋਂ ਬਾਅਦ ਸਾਬਕਾ ਕੌਂਸਲਰ ਸ੍ਰ. ਸੁਖਮਿੰਦਰ ਸਿੰਘ ਬਰਨਾਲਾ ਵਲੋਂ ਲਗਾਏ ਗਏ ਇਸ ਇਲਜਾਮ ਕਿ ਨਗਰ ਨਿਗਮ ਵਲੋਂ ਉਹਨਾਂ ਦੇ ਕਾਰਜਕਾਲ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਗਤਪੁਰਾ ਨੇੜਲੇ ਚੋਅ ਤਕ ਪਾਣੀ ਪਹੁੰਚਾਉਣ ਲਈ ਬਣਾਈ ਗਈ ਤਜਵੀਜ ਤੇ ਕੰਮ ਕਰਨ ਦੀ ਥਾਂ ਫੇਜ਼ 11 ਦੇ ਅੰਦਰੂਨੀ ਖੇਤਰ ਵਿੱਚ ਠੀਕ ਹਾਲਤ ਵਿੱਚ ਕੰਮ ਕਰਦੀਆਂ ਪਾਈਪਾਂ ਪਟਵਾ ਕੇ ਅਤੇ ਉਥੇ ਨਵੀਆਂ ਪਾਈਪਾਂ ਪਾ ਕੇ ਜਿੱਥੇ ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਗਈ ਉੱਥੇ ਪਾਣੀ ਦੀ ਨਿਕਾਸੀ ਲਈ ਵੱਡੀ ਪਾਈਪ ਨਾ ਪਾਏ ਜਾਣ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਹੈ ਦੇ ਜਵਾਬ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਅੱਜ ਕਿਹਾ ਕਿ ਸ੍ਰ. ਬਰਨਾਲਾ ਬੇਬੁਨਿਆਦ ਇਲਜਾਮ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ| ਉਹਨਾਂ ਕਿਹਾ ਕਿ ਇਸ ਖੇਤਰ ਦੀ ਲੰਬਾ ਸਮਾਂ ਨੁਮਾਇੰਦਗੀ ਕਰਨ ਵਾਲੇ ਸ੍ਰ. ਬਰਨਾਲਾ ਨੇ ਖੁਦ ਤਾਂ ਇਸ ਇਲਾਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਅਤੇ ਹੁਣ ਉਹਨਾਂ ਤੋਂ ਇਸ ਖੇਤਰ ਦਾ ਕੀਤਾ ਜਾ ਰਿਹਾ ਵਿਕਾਸ ਬਰਦਾਸ਼ਤ ਨਹੀਂ ਹੋ ਰਿਹਾ ਇਸ ਲਈ ਉਹ ਬੁਖਲਾਹਟ ਵਿੱਚ ਬੇਬੁਨਿਆਦ ਇਲਜਾਮ ਬਾਜੀ ਤੇ ਉਤਰ ਆਏ ਹਨ|
ਉਹਨਾਂ ਕਿਹਾ ਕਿ ਫੇਜ਼ 11 ਦੇ ਅੰਦਰੂਨੀ ਖੇਤਰ ਦੀਆਂ ਜਿਹੜੀਆਂ ਪਾਈਪਾਂ ਬਦਲੀਆਂ ਗਈਆਂ ਹਨ ਉਹਨਾਂ ਦਾ ਬਦਲਿਆ ਜਾਣਾ ਜਰੂਰੀ ਸੀ ਅਤੇ ਇਸ ਸੰਬੰਧੀ ਨਿਗਮ ਅਤੇ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਸੋਚ ਸਮਝ ਕੇ ਹੀ ਇਹ ਕੰਮ ਕੀਤਾ ਗਿਆ ਹੈ ਪਰੰਤੂ ਸ੍ਰ. ਬਰਨਾਲਾ ਤੋਂ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇਸ ਖੇਤਰ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ|
ਇਸ ਮੌਕੇ ਉੱਥੇ ਹਾਜਿਰ ਜਨਸਿਹਤ ਵਿਭਾਗ ਦੇ ਐਕਸੀਅਨ ਸ੍ਰੀ ਅਸ਼ਵਨੀ ਕੁਮਾਰ ਅਤੇ ਐਸ ਡੀ ਓ ਸ. ਮਨਜੀਤ ਸਿੰਘ ਨੇ ਦੱਸਿਆ ਕਿ ਫੇਜ਼ 11 ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਗਤਪੁਰਾ ਦੇ ਨਾਲੇ ਤਕ ਪਾਈ ਜਾਣ ਵਾਲੀ 92 ਇੰਚ ਪਾਈਪ ਦੀ ਤਜਵੀਜ ਅਮ੍ਰਿਤ ਸਕੀਮ ਤਹਿਤ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਵਿੱਚ ਹੈ| ਉਹਨਾਂ ਦੱਸਿਆ ਕਿ ਬੀਤੇ ਕੱਲ ਹੋਈ ਬਰਸਾਤ ਦੌਰਾਨ ਫੇਜ਼ 11 ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਇਸ ਕਾਰਨ ਪੇਸ਼ ਆਈ ਸੀ ਕਿਉਂਕਿ ਗੋਲਫ ਰੇਂਜ ਦੇ ਨੇੜੇ ਚੰਡੀਗੜ੍ਹ ਦੀ ਪਾਣੀ ਦੀ ਨਿਕਾਸੀ ਦੀ ਡਾਰਟ ਧਸ ਜਾਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਸੀ ਅਤੇ ਇਸਦੀ ਜਾਣਕਾਰੀ ਮਿਲਣ ਤੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਰ੍ਹਦੇ ਮੀਂਹ ਵਿੱਚ ਉਸ ਥਾਂ ਦੀ ਪਹਿਚਾਣ ਕਰਕੇ ਉਸਦੀ ਮੁਰੰਮਤ ਕੀਤੀ ਜਿਸਤੋਂ ਬਾਅਦ ਪਾਣੀ ਦੀ ਨਿਕਾਸੀ ਮੁੜ ਸ਼ੁਰੂ ਹੋਈ| ਉਹਨਾਂ ਦੱਸਿਆ ਕਿ ਸੀਨੀਅਰ ਡਿਪਟੀ ਮੇਅਰ ਵਲੋਂ ਪਾਣੀ ਦੀ ਨਿਕਾਸੀ ਲਈ ਪੁਲੀਸ ਸਟੇਸ਼ਨ ਤੋਂ ਮੰਦਰ ਤਕ ਪਾਈ ਗਈ ਪਾਈਪ ਲਾਈਨ ਦੀ ਸਫਾਈ ਦੇ ਕੰਮ ਦਾ ਮਤਾ ਪਾਸ ਕਰਵਾਇਆ ਸੀ ਜਿਸਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ|
ਇਸ ਮੌਕੇ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਸ੍ਰੀ ਬਰਨਾਲਾ ਨੂੰ ਚਾਹੀਦਾ ਸੀ ਕਿ ਉਹ ਬੇਬੁਨਿਆਦ ਬਿਆਨਬਾਜੀ ਦੀ ਥਾਂ ਫੇਜ਼ 11 ਦੇ ਵਿਕਾਸ ਵਿੱਚ ਉਸਾਰੂ ਭੂਮਿਕਾ ਨਿਭਾਉਂਦੇ ਪਰੰਤੂ ਉਹਨਾਂ ਵਲੋਂ ਅਪਣਾਏ ਗਏ ਨਾਂਹ ਪੱਖੀ ਰਵਈਏ ਕਾਰਨ ਉਹਨਾਂ ਨੇ ਇੱਥੋਂ ਦੇ ਵਸਨੀਕਾਂ ਦਾ ਭਰੋਸਾ ਪੂਰੀ ਤਰ੍ਹਾਂ ਗਵਾ ਲਿਆ ਹੈ|
ਦੂਜੇ ਪਾਸੇ ਸ੍ਰ. ਬਰਨਾਲਾ ਨੇ ਕਿਹਾ ਕਿ ਜੇਕਰ ਉਹ ਹਾਰ ਤੋਂ ਬੁਖਲਾ ਕੇ ਬੋਲ ਰਹੇ ਹੁੰਦੇ ਤਾਂ ਉਹਨਾਂ ਨੂੰ ਪਿਛਲੇ ਸਾਢੇ ਤਿੰਨ ਸਾਲ ਤਕ ਚੁੱਪ ਰਹਿਣ ਦੀ ਕੀ ਲੋੜ ਸੀ| ਉਹਨਾਂ ਕਿਹਾ ਕਿ ਸ੍ਰੀ ਜੈਨ ਦੱਸਣ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਇਸ ਖੇਤਰ ਵਿੱਚ ਪੱਥਰ ਲਗਵਾਉਣ ਤੋਂ ਇਲਾਵਾ ਹੋਰ ਕੀ ਕੰਮ ਕਰਵਾਇਆ ਹੈ| ਨਾ ਤਾਂ ਇੱਥੇ ਸਕੂਲ ਦਾ ਦਰਜਾ ਵਧਿਆ ਹੈ ਅਤੇ ਨਾ ਹੀ ਡਿਸਪੈਂਸਰੀ ਵਿੱਚ ਕੋਈ ਨਵੀਂ ਸਹੂਲੀਅਤ ਮਿਲੀ ਹੈ| ਇੱਥੇ ਕੋਈ ਨਵਾਂ ਟਿਉਬਵੈਲ ਜਾਂ ਬੂਸਟਰ ਵੀ ਨਹੀਂ ਲੱਗਿਆ ਹੈ ਅਤੇ ਸਿਰਫ ਪੱਥਰ ਲਗਵਾਉਣ ਨੂੰ ਹੀ ਵਿਕਾਸ ਨਹੀਂ ਕਿਹਾ ਜਾ ਸਕਦਾ ਬਲਕਿ ਖੇਤਰ ਦੇ ਵਿਕਾਸ ਲਈ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮਿਲਣੀਆਂ ਜਰੂਰੀ ਹੁੰਦੀਆਂ ਹਨ| ਉਹਨਾਂ ਕਿਹਾ ਕਿ ਅੰਦਰੂਨੀ ਖੇਤਰ ਦੀਆਂ ਠੀਕ ਪਾਈਪਾਂ ਨੂੰ ਬਿਨਾਂ ਵਜ੍ਹਾ ਬਦਲ ਕੇ ਲੋਕਾਂ ਦਾ ਪੈਸਾ ਬਰਬਾਦ ਕਰਨ ਦੀ ਕਾਰਵਾਈ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਸ੍ਰੀ ਜੈਨ ਆਪਣੀਆਂ ਕਮਜੋਰੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਅਜਿਹਾ ਕਰਨ ਨਾਲ ਕੁੱਝ ਨਹੀਂ ਹੋਣਾ|

Leave a Reply

Your email address will not be published. Required fields are marked *