ਪਾਣੀ ਦੀ ਪਾਈਪ ਲੀਕ ਹੋਣ ਕਾਰਨ ਸੜਕ ਤੇ ਬਣਿਆ ਛੱਪੜ

ਐਸ ਏ ਐਸ ਨਗਰ, 8 ਅਪ੍ਰੈਲ (ਸ.ਬ.) ਇਕ ਪਾਸੇ ਸਥਾਨਕ ਪ੍ਰਸ਼ਾਸ਼ਨ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ਵਿਚ ਪਾਣੀ ਦੀ ਦੁਰਵਰਤੋ ਰੋਕਣ ਲਈ ਘਰਾਂ ਵਿਚ ਛਾਪੇ ਮਾਰੇ ਜਾਣਗੇ ਅਤੇ ਪਾਣੀ ਦੀ ਦੁਰਵਰਤੋ ਕਰਨ ਵਾਲਿਆਂ ਦੇ ਚਲਾਨ  ਅਤੇ ਜੁਰਮਾਨੇ ਕੀਤੇ ਜਾਣਗੇ, ਦੂਜੇ ਪਾਸੇ  ਖੁਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਅਣਗਹਿਲੀ ਨਾਲ ਸਰੇਆਮ ਪਾਣੀ ਦੀ ਬਰਬਾਦੀ ਹੋ ਰਹੀ ਹੈ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ|
ਐਚ ਆਈ ਜੀ ਕੁਆਟਰ ਫੇਜ਼ 9 ਦੇ ਵਸਨੀਕ ਗੁਲਸਨਵੀਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਉਹ ਜਦੋ ਸੈਰ ਕਰ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਕਿ ਸਵੇਰੇ 6.30 ਵਜੇ ਪੀ ਸੀ ਏ            ਸਟੇਡੀਅਮ ਵੱਲ ਜਾਂਦੀ ਮੁੱਖ ਸੜਕ ਤੇ ਪੁਲ ਦੇ ਉੱਪਰ ਸਥਿਤ ਪਾਣੀ ਦੀ ਸਪਲਾਈ ਲਾਈਨ ਵਿਚੋਂ ਪੂਰੇ ਪ੍ਰੈਸਰ ਨਾਲ ਬਹੁਤ ਸਾਰਾ ਪਾਣੀ ਬਾਹਰ ਨਿਕਲ ਕੇ ਬਰਬਾਦ ਹੋ ਰਿਹਾ ਸੀ| ਇਸ ਪਾਣੀ ਕਾਰਨ ਇਸ ਸੜਕ ਉਪਰ ਛਪੜ ਹੀ ਬਣ ਗਿਆ ਸੀ| ਇਸ ਪਾਣੀ ਕਾਰਨ ਸੜਕ ਉਪਰੋਂ ਪੈਦਲ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਦੋ ਪਹੀਆ ਵਾਹਨਾਂ ਵਾਲੇ ਅਤੇ ਕਾਰਾਂ ਜੀਪਾਂ ਵਾਲੇ ਵੀ ਬਹੁਤ ਮੁਸਕਿਲ ਨਾਲ ਉਥੋਂਂ ਲੰਘ ਰਹੇ ਸਨ| ਪਾਣੀ ਦੀ ਪਾਈਪ ਵਿਚੋਂ ਸੜਕ ਉਪਰ ਆਏ ਪਾਣੀ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣ ਗਿਆ ਸੀ|
ਉਹਨਾਂ ਕਿਹਾ ਕਿ ਇਸ ਥਾਂ ਉਪਰ ਪਹਿਲਾਂ ਵੀ ਕਈ ਵਾਰ ਪਾਣੀ ਦੀ ਪਾਈਪ ਲਾਈਨ ਲੀਕ ਕਰ ਚੁਕੀ ਹੈ| ਇਸ ਥਾਂ ਉਪਰ ਸਬੰਧਿਤ ਵਿਭਾਗ ਦੇ ਕਰਮਚਾਰੀ ਸਿਰਫ ਆਰਜੀ ਨਿਪਟਾਰਾ ਹੀ ਕਰਦੇ ਹਨ, ਪਾਣੀ ਦੀ ਲੀਕੇਜ ਰੋਕਣ ਲਈ ਕੋਈ ਠੋਸ ਕੰਮ ਨਹੀਂ ਕੀਤਾ ਜਾਂਦਾ,ਜਿਸ ਕਰਕੇ ਕੁਝ ਸਮੇਂ ਬਾਅਦ ਹੀ ਇਸ ਇਲਾਕੇ ਵਿਚੋਂ ਪਾਈਪ ਲਾਈਨ ਲੀਕ ਹੋ ਜਾਂਦੀ ਹੈ ਅਤੇ ਪਾਣੀ ਸੜਕਾਂ ਉਪਰ ਚਲਿਆ ਜਾਂਦਾ ਹੈ| ਇਸ ਤਰਾਂ ਪਾਣੀ ਦੀ ਭਾਰੀ ਬਰਬਾਦੀ ਹੁੰਦੀ ਹੈ|
ਉਹਨਾ ਕਿਹਾ ਕਿ ਪਾਣੀ ਦੀ ਇਸ ਲੀਕੇਜ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਲੀਕੇਜ ਰੋਕਣ ਲਈ ਪੱਕਾ ਹਲ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪੀ ਸੀ ਏ ਸਟੇਡੀਅਮ ਨੇੜੇ ਬਣੇ ਇਸ ਪੁੱਲ ਉਪਰ ਕਾਫੀ ਪੌਦੇ ਅਤੇ ਰੁੱਖ ਉਗ ਆਏ ਹਨ, ਜਿਸ ਕਾਰਨ ਇਸ ਪੁੱਲ ਲਈ ਖਤਰਾ ਪੈਦਾ ਹੋ ਗਿਆ ਹੈ ਉਹਨਾਂ ਮੰਗ ਕੀਤੀ ਕਿ ਇਹ ਪੌਦੇ ਤੇ ਰੁੱਖ ਸਾਫ ਕਰਵਾਏ ਜਾਣ ਤੇ ਪਾਣੀ ਦੀ ਲੀਕੇਜ ਨੂੰ ਰੋਕਣ ਲਈ ਪੱਕਾ ਹਲ ਕੀਤਾ ਜਾਵੇ|   ਬਾਅਦ ਵਿਚ ਸੰਬਧਿਤ ਵਿਭਾਗ ਦੀ ਟੀਮ ਵਲੋਂ ਮੌਕੇ ਉਪਰ ਪਹੁੰਚ ਕੇ ਪਾਣੀ ਦੀ ਲੀਕੇਜ ਨੂੰ ਬੰਦ ਕਰ ਦਿਤਾ ਗਿਆ|

Leave a Reply

Your email address will not be published. Required fields are marked *