ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਧਾਏ ਗਏ ਪਾਣੀ ਦੇ ਰੇਟ : ਸਰਕਾਰ
ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਧਾਏ ਗਏ ਪਾਣੀ ਦੇ ਰੇਟ : ਸਰਕਾਰ
ਸਰਕਾਰ ਦਾ ਦਾਅਵਾ : ਲਾਗਤ ਤੋਂ ਘੱਟ ਮੁੱਲ ਤੇ ਸਪਲਾਈ ਕੀਤਾ ਜਾਂਦਾ ਹੈ ਪਾਣੀ
ਚੰਡੀਗੜ੍ਹ, 23 ਦਸੰਬਰ (ਸ.ਬ) ਗਮਾਡਾ ਵੱਲੋਂ ਪਿਛਲੇ ਦਿਨੀਂ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਦਰਾਂ ਵਿੱਚ ਕੀਤੇ ਵਾਧੇ ਦਾ ਮਸਲਾ ਭਖ ਗਿਆ ਹੈ ਅਤੇ ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਅਤੇ ਨਗਰਿਕ ਭਲਾਈ ਜਥੇਬੰਦੀਆਂ ਵੱਲੋਂ ਗਮਾਡਾ ਦੀ ਇਸ ਕਾਰਵਾਈ ਦੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਹੁਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਵਾਧੇ ਨੂੰ ਜਾਇਜ ਠਹਿਰਾਉਂਦਿਆਂ ਇਹਨਾਂ ਰੇਟਾਂ ਵਿੱਚ ਕੀਤੇ ਵਾਧੇ ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਲਾਗੂ ਕਰਨ ਦੀ ਗੱਲਆਖੀ ਗਈ ਹੈ|
ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਆਪਣੀਆਂ ਵਿਕਸਤ ਕੀਤੀਆਂ ਸ਼ਹਿਰੀ ਮਿਲਖਾਂ ਵਿਖੇ ਪਾਣੀ ਦੀ 24 ਘੰਟੇ ਸਪਲਾਈ ਮੁਹਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ| ਇਕ ਪਾਇਲਟ ਪ੍ਰਾਜੈਕਟ ਵੱਜੋਂ ਇਹ ਸਕੀਮ ਵਿਭਾਗ ਵਲੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ| ਮੁਹਾਲੀ ਦੇ ਏਰੋਸਿਟੀ ਅਤੇ ਆਈ.ਟੀ. ਸਿਟੀ ਵਿਖੇ ਪਾਣੀ ਦੀ 24 ਘੰਟੇ ਸਪਲਾਈ ਸ਼ੁਰੂ ਕੀਤੀ ਜਾ ਚੁੱਕੀ ਹੈ| ਈਕੋ ਸਿਟੀ, ਨਿਊ ਚੰਡੀਗੜ੍ਹ ਵਿਖੇ ਇਹ ਸੁਵਿਧਾ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ| ਇਸੇ ਤਰ੍ਹਾਂ ਜਲੰਧਰ ਡਿਵੈਲਪਮੈਂਟ ਅਥਾਰਟੀ ਵਲੋਂ ਸ਼ਹਿਰੀ ਮਿਲਖ ਕਪੂਰਥਲਾ ਅਤੇ ਅਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਵਲੋਂ ਸ਼ਹਿਰੀ ਮਿਲਖ ਬਟਾਲਾ ਵਿਖੇ ਪਾਣੀ ਦੀ 24 ਘੰਟੇ ਸਪਲਾਈ ਦੀ ਸੁਵਿਧਾ ਸ਼ੁਰੂ ਕੀਤੀ ਜਾ ਚੁੱਕੀ ਹੈ|
ਵਿਭਾਗ ਅਨੁਸਾਰ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਅਨੁਸਾਰ ਆਰਾਮਦਾਇਕ ਜੀਵਨ ਬਿਤਾਉਣ ਲਈ ਇਕ ਵਿਅਕਤੀ ਨੂੰ 135 ਲੀਟਰ ਪਾਣੀ ਦੀ ਜਰੂਰਤ ਹੈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਲਈ ਚਾਰਜ ਕੀਤੇ ਜਾ ਰਹੇ ਰੇਟ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਤੇ ਅਧਾਰਤ ਹਨ| ਵਿਭਾਗ ਵਲੋਂ ਇਸ ਸਮੇਂ ਪ੍ਰਤੀ ਮਹੀਨਾ 20 ਕਿਲੋਲੀਟਰ ਤੱਕ ਪਾਣੀ ਦੀ ਸਪਲਾਈ ਲਈ 5 ਰੁਪਏ ਕਿਲੋਲੀਟਰ ਰੇਟ ਚਾਰਜ ਕੀਤਾ ਜਾ ਰਿਹਾ ਹੈ| 20 ਕਿਲੋ ਲੀਟਰ ਤੋਂ ਵੱਧ ਖਪਤ ਲਈ 10 ਰੁਪਏ ਪ੍ਰਤੀ ਲੀਟਰ ਦਾ ਰੇਟ ਹੈ| ਅਸਲ ਵਿੱਚ 10/- ਰੁਪਏ ਪ੍ਰਤੀ ਕਿਲੋਲੀਟਰ ਦਾ ਰੇਟ ਇਸ ਹਿਸਾਬ ਨਾਲ ਤਹਿ ਕੀਤਾ ਗਿਆ ਹੈ ਕਿ ਇਹ ਤਾਂ ਹੀ ਚਾਰਜ ਕੀਤਾ ਜਾਵੇਗਾ ਜੇਕਰ ਪਾਣੀ ਦੀ ਬਰਬਾਦੀ ਹੰਦੀ ਹੈ| ਜੇਕਰ ਪਾਣੀ ਬਰਬਾਦ ਨਹੀਂ ਕੀਤਾ ਜਾਂਦਾ ਤਾਂ 10/- ਪ੍ਰਤੀ ਕਿਲੋਲੀਟਰ ਦੇ ਵਾਧੂ ਚਾਰਸ਼ ਕਿਸੇ ਵੀ ਖਪਤਕਾਰ ਤੇ ਲਾਗੂ ਨਹੀਂ ਹੁੰਦੇ ਹਨ| ਪਾਣੀ ਦੇ ਜਿਹੜੇ ਵਾਧੂ ਰੇਟ ਟੈਰਿਫ ਵਿੱਚ ਸ਼ਾਮਿਲ ਕੀਤੇ ਗਏ ਹਨ ਉਹਨਾਂ ਦਾ ਮਕਸਦ ਪਾਣੀ ਦੀ ਸੰਭਾਲ ਸੁਨਿਸ਼ਚਿਤ ਕਰਨਾ ਹੈ|
ਵਿਭਾਗ ਅਨੁਸਾਰ ਖਪਤਕਾਰਾਂ ਤੋਂ 5 ਰੁਪਏ ਪ੍ਰਤੀ ਕਿਲੋਲੀਟਰ ਦਾ ਰੇਟ ਚਾਰਜ ਕੀਤਾ ਜਾ ਰਿਹਾ ਹੈ, ਜਦੋਂ ਕਿ ਇਕ ਕਿਲੋਲੀਟਰ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਉਤੇ ਲਗਭਗ 12/- ਰੁਪਏ ਦੀ ਲਾਗਤ ਆਉਂਂਦੀ ਹੈ|