ਪਾਣੀ ਦੀ ਲਗਾਤਾਰ ਵੱਧਦੀ ਦੁਰਵਰਤੋਂ ਨਾਲ ਵੱਧ ਰਿਹਾ ਹੈ ਪਾਣੀ ਦੇ ਗੰਭੀਰ ਸੰਕਟ ਦਾ ਖਤਰਾ

ਗਰਮੀ ਕੁੱਝ ਸਮੇਂ ਤੋਂ ਪਹਿਲਾਂ ਹੋਰ ਭਿਆਨਕ ਆਈ| ਪਿਛਲੀ ਬਰਸਾਤ ਕਮਜੋਰ ਰਹੀ ਸੀ ਦੇਸ਼ ਦੇ ਕੋਈ 360 ਜਿਲ੍ਹਿਆਂ ਵਿੱਚ ਪਾਣੀ ਦੀ ਮਾਰਾਮਾਰੀ ਰਹੀ ਸੀ| ਇਹ ਦੇਸ਼ ਲਈ ਹੁਣ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਦੇ ਨਿਯਮਿਤ ਹਾਲਾਤ ਹੋ ਗਏ ਹਨ| ਤਪਦੀ ਗਰਮੀ ਤੋਂ ਬਾਅਦ ਜਦੋਂ ਅਸਮਾਨ ਤੇ ਬੱਦਲ ਛਾਉਂਦੇ ਹਨ ਤਾਂ ਕੀ ਇਨਸਾਨ ਅਤੇ ਕੀ ਪਸ਼ੂ-ਪੰਛੀ, ਸਾਰੇ ਚੈਨ ਦੀ ਸਾਹ ਲੈਂਦੇ ਹਨ| ਦਰਖਤ – ਬੂਟਿਆਂ ਨੂੰ ਵੀ ਉਮੀਦ ਬੱਝਦੀ ਹੈ| ਹਾਲਾਂਕਿ ਵਰ੍ਹਦੇ ਬੱਦਲ ਕਿਤੇ ਰੌਦਰ ਰੂਪ ਦਿਖਾਉਂਦੇ ਹਨ ਤਾਂ ਕਿਤੇ ਰੁਸ ਜਾਂਦੇ ਹਨ| ਹੜ੍ਹ ਅਤੇ ਸੋਕਾ ਕੁਦਰਤ ਦੇ ਦੋ ਪਹਿਲੂ ਹਨ, ਬਿਲਕੁੱਲ ਧੁੱਪ ਅਤੇ ਛਾਂ ਦੀ ਤਰ੍ਹਾਂ| ਪਰੰਤੂ ਬਾਰਿਸ਼ ਗੁਜ਼ਰਦੇ ਹੀ ਦੇਸ਼ਭਰ ਵਿੱਚ ਪਾਣੀ ਦੀ ਤਰਾਹੀ – ਤਰਾਹੀ ਦੀਆਂ ਖਬਰਾਂ ਆਉਣ ਲੱਗਦੀਆਂ ਹਨ| ਕਿਤੇ ਪੀਣ ਨੂੰ ਪਾਣੀ ਨਹੀਂ ਹੈ ਤਾਂ ਕਿਤੇ ਖੇਤ ਨੂੰ| ਪਰੰਤੂ ਕੀ ਅਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਬਾਰਿਸ਼ ਦਾ ਇੰਨਾ ਸਾਰਾ ਪਾਣੀ ਅਖੀਰ ਜਾਂਦਾ ਕਿੱਥੇ ਹੈ? ਪਾਣੀ ਕੁੱਝ ਹਿੱਸਾ ਤਾਂ ਭਾਫ ਬਣ ਕੇ ਉਡ ਜਾਂਦਾ ਹੈ ਅਤੇ ਕੁੱਝ ਸਮੁੰਦਰ ਵਿੱਚ ਚਲਾ ਜਾਂਦਾ ਹੈ| ਤੁਸੀਂ ਕਦੇ ਸੋਚਿਆ ਕਿ ਜੇਕਰ ਇਸ ਪਾਣੀ ਨੂੰ ਹੁਣ ਸੰਭਾਲ ਕੇ ਨਹੀਂ ਰੱਖਿਆ ਗਿਆ ਤਾਂ ਭਵਿੱਖ ਵਿੱਚ ਕੀ ਹੋਵੇਗਾ ਅਤੇ ਕਿਵੇਂ ਪੂਰੀ ਹੋਵੇਗੀ ਸਾਡੀ ਪਾਣੀ ਦੀ ਲੋੜ? ਦੁਨੀਆ ਦੇ 1. 4 ਅਰਬ ਲੋਕਾਂ ਨੂੰ ਪੀਣ ਦਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਹੈ| ਕੁਦਰਤ ਦੇ ਖਜਾਨੇ ਤੋਂ ਅਸੀਂ ਜਿੰਨਾ ਪਾਣੀ ਲੈਂਦੇ ਹਾਂ ਉਸਨੂੰ ਵਾਪਸ ਵੀ ਸਾਨੂੰ ਹੀ ਮੋੜਨਾ ਪੈਂਦਾ ਹੈ| ਪਾਣੀ ਬਾਰੇ ਇੱਕ ਨਹੀਂ , ਕਈ ਹੈਰਾਨ ਕਰਨ ਵਾਲੀਆਂ ਗੱਲਾਂ ਹਨ, ਜਿਨ੍ਹਾਂ ਨੂੰ ਜਾਣ ਕੇ ਲੱਗੇਗਾ ਕਿ ਸਚਮੁੱਚ ਹੁਣ ਸਾਡਾ ਥੋੜ੍ਹਾ ਜਿਹਾ ਵੀ ਪਾਣੀ ਨਹੀਂ ਬਚਿਆ ਹੈ|
ਮੁੰਬਈ ਵਿੱਚ ਰੋਜ ਗੱਡੀਆਂ ਧੋਣ ਵਿੱਚ ਹੀ 50 ਲੱਖ ਲੀਟਰ ਪਾਣੀ ਖਰਚ ਹੋ ਜਾਂਦਾ ਹੈ| ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਮਹਾਨਗਰਾਂ ਵਿੱਚ ਪਾਈਪਲਾਈਨਾਂ ਦੀ ਖਰਾਬੀ ਦੇ ਕਾਰਨ 17 ਤੋਂ 44 ਫੀਸਦੀ ਪਾਣੀ ਰੋਜਾਨਾ ਬੇਕਾਰ ਵਗ ਜਾਂਦਾ ਹੈ| ਬ੍ਰਹਮਪੁਤਰ ਨਦੀ ਦਾ ਰੋਜਾਨਾ 2.16 ਘਣ ਮੀਟਰ ਪਾਣੀ ਬੰਗਾਲ ਦੀ ਖਾੜੀ ਵਿੱਚ ਚਲਾ ਜਾਂਦਾ ਹੈ| ਭਾਰਤ ਵਿੱਚ ਹਰ ਸਾਲ ਹੜ੍ਹ ਦੇ ਕਾਰਨ ਤਕਰੀਬਨ ਹਜਾਰਾਂ ਮੌਤਾਂ ਅਤੇ ਅਰਬਾਂ ਦਾ ਨੁਕਸਾਨ ਹੁੰਦਾ ਹੈ| ਇਜ਼ਰਾਇਲ ਵਿੱਚ ਔਸਤਨ ਬਰਸਾਤ 10 ਸੈਂਟੀਮੀਟਰ ਹੈ, ਇਸ ਦੇ ਬਾਵਜੂਦ ਉਹ ਅਨਾਜ ਨਿਰਯਾਤ ਕਰਦਾ ਹੈ| ਦੂਜੇ ਪਾਸੇ ਭਾਰਤ ਵਿੱਚ ਔਸਤਨ 50 ਸੈਂਟੀਮੀਟਰ ਤੋਂ ਵੀ ਜਿਆਦਾ ਬਰਸਾਤ ਹੋਣ ਦੇ ਬਾਵਜੂਦ ਸਿੰਚਾਈ ਲਈ ਪਾਣੀ ਦੀ ਕਮੀ ਬਣੀ ਰਹਿੰਦੀ ਹੈ| ਇਹ ਵੀ ਕੌੜਾ ਸੱਚ ਹੈ ਕਿ
ਸਾਡੇ ਦੇਸ਼ ਵਿੱਚ ਔਰਤਾਂ ਪੀਣ ਦੇ ਪਾਣੀ ਦੇ ਜੁਗਾੜ ਲਈ ਹਰ ਰੋਜ ਹੀ ਔਸਤਨ ਚਾਰ ਮੀਲ ਪੈਦਲ ਚੱਲਦੀਆਂ ਹਨ| ਸਾਡੇ ਸਮਾਜ ਵਿੱਚ ਪਾਣੀ ਬਰਬਾਦ ਕਰਨ ਦੀ ਰਾਜਸੀ ਪ੍ਰਵਿਰਤੀ ਹੈ, ਜਿਸ ਤੇ ਹੁਣ ਤੱਕ ਰੋਕ ਲਗਾਉਣ ਦੀ ਕੋਈ ਕੋਸ਼ਿਸ਼ ਨਹੀਂ ਹੋਈ ਹੈ| ਹਕੀਕਤ ਵਿੱਚ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਅੱਜ ਤੱਕ ਇਸ ਦਿਸ਼ਾ ਵਿੱਚ ਕੋਈ ਵੀ ਕੰਮ ਗੰਭੀਰਤਾ ਨਾਲ ਨਹੀਂ ਹੋਇਆ ਹੈ| ਧਰਤੀ ਦਾ ਵਿਸਥਾਰ 51 ਕਰੋੜ ਵਰਗ ਕਿਲੋਮੀਟਰ ਹੈ| ਉਸ ਵਿੱਚੋਂ 36 ਕਰੋੜ ਵਰਗ ਕਿਲੋਮੀਟਰ ਦਾ ਖੇਤਰ ਪਾਣੀ ਨਾਲ ਘਿਰਿਆ ਹੋਇਆ ਹੈ| ਬਦਕਿਸਮਤੀ ਇਹ ਹੈ ਕਿ ਇਸ ਵਿੱਚੋਂ ਪੀਣ ਲਾਇਕ ਪਾਣੀ ਦਾ ਖੇਤਰ ਬਹੁਤ ਘੱਟ ਹੈ| 97 ਫੀਸਦੀ ਭਾਗ ਤਾਂ ਸਮੁੰਦਰ ਹੈ| ਬਾਕੀ ਦੇ ਤਿੰਨ ਫ਼ੀਸਦੀ ਹਿੱਸੇ ਵਿੱਚ ਮੌਜੂਦ ਪਾਣੀ ਵਿੱਚੋਂ 2 ਫ਼ੀਸਦੀ ਪਹਾੜਾਂ ਅਤੇ ਧਰੁਵਾਂ ਤੇ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ, ਜਿਸਦੀ ਕੋਈ ਵਰਤੋਂ ਨਹੀਂ ਹੁੰਦੀ ਹੈ| ਜੇਕਰ ਇਸ ਵਿੱਚੋਂ ਕਰੀਬ 6 ਕਰੋੜ ਘਨ ਕਿਲੋਮੀਟਰ ਬਰਫ ਪਿਘਲ ਜਾਵੇ ਤਾਂ ਸਾਡੇ ਮਹਾਸਾਗਾਰਾਂ ਦਾ ਤਲ 80 ਮੀਟਰ ਵੱਧ ਜਾਵੇਗਾ, ਪਰ ਫਿਲਹਾਲ ਇਹ ਸੰਭਵ ਨਹੀਂ|
1991 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਖੁਲਾਪਨ ਆਉਣ ਤੋਂ ਬਾਅਦ ਨਿਜੀਕਰਣ ਦਾ ਜ਼ੋਰ ਵਧਿਆ ਹੈ| ਇੱਕ ਤੋਂ ਬਾਅਦ ਇੱਕ ਕਈ ਖੇਤਰ ਨਿਜੀਕਰਣ ਦੀ ਭੇਂਟ ਚੜ੍ਹਦੇ ਗਏ| ਸਭ ਤੋਂ ਵੱਡਾ ਝਟਕਾ ਜਲ ਖੇਤਰ ਦੇ ਨਿਜੀਕਰਣ ਦਾ ਹੈ| ਜਦੋਂ ਭਾਰਤ ਵਿੱਚ ਬਿਜਲੀ ਦੇ ਖੇਤਰ ਨੂੰ ਨਿਜੀਕਰਣ ਲਈ ਖੋਲ੍ਹਿਆ ਗਿਆ ਉਦੋਂ ਕੋਈ ਬਹਿਸ ਨਹੀਂ ਹੋਈ| ਵੱਡੇ ਪੈਮਾਨੇ ਤੇ ਬਿਜਲੀ ਗੁੱਲ ਹੋਣ ਦਾ ਡਰ ਦਿਖਾ ਕੇ ਨਿਜੀਕਰਣ ਨੂੰ ਅੱਗੇ ਵਧਾਇਆ ਗਿਆ, ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ| ਸਰਕਾਰੀ ਤੌਰ ਤੇ ਵੀ ਇਹ ਸਵੀਕਾਰ ਕੀਤਾ ਜਾ ਚੁੱਕਿਆ ਹੈ ਕਿ ਸੁਧਾਰ ਮੂਧੇ ਮੂੰਹ ਗਿਰੇ ਹਨ ਅਤੇ ਰਾਸ਼ਟਰ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਈ ਹੈ| ਹੁਣ ਪਾਣੀ ਦੇ ਖੇਤਰ ਵਿੱਚ ਅਜਿਹੀ ਹੀ ਨਿਜੀਕਰਣ ਦੀ ਗੱਲ ਹੋ ਰਹੀ ਹੈ| ਕਈ ਜਗ੍ਹਾ ਨਦੀਆਂ ਨੂੰ ਨਿਜੀ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ| ਵਿਕਾਸ ਦੇ ਨਾਮ ਤੇ ਤਲਾਬਾਂ ਅਤੇ ਨਦੀਆਂ ਨੂੰ ਉਜਾੜਨ ਵਿੱਚ ਕੋਈ ਪਰਹੇਜ ਨਹੀਂ ਹੋ ਰਿਹਾ ਹੈ| ਜੇਕਰ ਹੁਣ ਪਾਣੀ ਨਾ ਸੰਭਾਲਿਆ ਗਿਆ ਤਾਂ ਸੰਭਵ ਹੈ ਪਾਣੀ ਸਿਰਫ ਸਾਡੀਆਂ ਅੱਖਾਂ ਵਿੱਚ ਹੀ ਬਚ ਪਾਏਗਾ| ਸਾਡਾ ਦੇਸ਼ ਉਹ ਹੈ, ਜਿਸਦੀ ਗੋਦ ਵਿੱਚ ਹਜਾਰਾਂ ਨਦੀਆਂ ਖੇਡਦੀਆਂ ਸਨ, ਅੱਜ ਉਹ ਨਦੀਆਂ ਹਜਾਰਾਂ ਵਿੱਚੋਂ ਸਿਰਫ ਗਿਣਤੀ ਦੀਆਂ ਵਿੱਚ ਰਹਿ ਗਈਆਂ ਹਨ| ਆਖੀਰ ਕਿੱਥੇ ਗਈਆਂ ਇਹ ਨਦੀਆਂ ਕੋਈ ਨਹੀਂ ਦੱਸ ਸਕਦਾ| ਨਦੀਆਂ ਦੀ ਗੱਲ ਛੱਡ ਦਿਓ, ਸਾਡੇ ਪਿੰਡ – ਮਹੱਲਿਆਂ ਤੱਕ ਤੋਂ ਤਾਲਾਬ, ਖੂਹਾਂ, ਬਾਉਲੀ ਆਦਿ ਲੁਪਤ ਹੋ ਰਹੇ ਹਨ| ਜਾਣ ਲਓ, ਪਾਣੀ ਦੀ ਕਮੀ, ਮੰਗ ਵਿੱਚ ਵਾਧਾ ਤਾਂ ਸਾਲ -ਦਰ-ਸਾਲ ਅਜਿਹੀ ਹੀ ਰਹੇਗੀ| ਹੁਣ ਮਨੁੱਖ ਨੂੰ ਹੀ ਬਰਸਾਤ ਦੀ ਹਰ ਬੂੰਦ ਨੂੰ ਸੰਭਾਲਣ ਅਤੇ ਉਸਨੂੰ ਲੋੜ ਅਨੁਸਾਰ ਖਰਚ ਕਰਨ ਉਤੇ ਵਿਚਾਰ ਕਰਨਾ ਪਵੇਗਾ| ਇਸ ਵਿੱਚ ਅਨਾਜ ਦੀ ਬਰਬਾਦੀ ਸਭਤੋਂ ਵੱਡਾ ਮਸਲਾ ਹੈ-ਜਿੰਨਾ ਅਨਾਜ ਬਰਬਾਦ ਹੁੰਦਾ ਹੈ, ਓਨਾ ਹੀ ਪਾਣੀ ਜਾਇਆ ਹੁੰਦਾ ਹੈ|
ਪੰਕਜ ਚਤੁਵਰੇਦੀ

Leave a Reply

Your email address will not be published. Required fields are marked *