ਪਾਣੀ ਦੀ ਸਪਲਾਈ ਦੌਰਾਨ ਹੁੰਦੀ ਫਿਜੂਲ ਖਰਚੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦਾ ਮੌਸਮ ਅਚਾਨਕ ਜੋਰ ਫੜਣ ਲੱਗ ਗਿਆ ਹੈ ਅਤੇ ਕੁੱਝ ਦਿਨ ਪਹਿਲਾਂ ਪਾਰਾ 38 ਡਿਗਰੀ ਤਕ ਜਾ ਆਇਆ ਹੈ| ਹਾਲਾਂਕਿ ਦੋ ਦਿਨ ਪਹਿਲਾਂ ਹੋਈ ਬਰਸਾਤ ਤੋਂ ਬਾਅਦ ਮੌਸਮ ਵਿੱਚ ਥੋੜ੍ਹੀ ਠੰਡਕ ਆਈ ਸੀ ਪਰੰਤੂ ਗਰਮੀ ਫਿਰ ਆਪਣਾ ਜੋਰ ਫੜਦੀ ਦਿਖ ਰਹੀ ਹੈ| ਇਸ ਵਾਰ ਮੌਸਮ ਵਿਗਿਆਨੀਆਂ ਵਲੋਂ ਵੀ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਇਸ ਸਾਲ ਪੈਣ ਵਾਲੀ ਗਰਮੀ ਦਾ ਕਹਿਰ ਪਹਿਲਾਂ ਨਾਲੋਂ ਕਾਫੀ ਵੱਧ ਰਹਿਣਾ ਹੈ ਅਤੇ ਪਾਰਾ 46-48 ਡਿਗਰੀ ਤਕ ਜਾਣ ਦੇ ਆਸਾਰ ਹਨ|
ਹਰ ਸਾਲ ਵਾਂਗ ਇਸ ਸਾਲ ਵੀ ਗਰਮੀ ਦਾ ਜੋਰ ਵਧਣ ਦੇ ਨਾਲ ਹੀ ਸ਼ਹਿਰ ਵਿਚਲੀ ਪੀਣ ਵਾਲੇ ਪਾਣੀ ਦੀ ਕਿਲੱਤ ਵਧਣ ਲੱਗ ਪਈ ਹੈ| ਹਰ ਸਾਲ ਹੀ ਅਜਿਹਾ ਹੁੰਦਾ ਹੈ ਕਿ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ| ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਕੋਠੀਆਂ ਅਤੇ ਮਕਾਨਾਂ ਦੀਆਂ ਹੇਠਲੀਆਂ ਮੰਜਿਲਾਂ ਵਿੱਚ ਤਾਂ ਹਾਲਾਤ ਫਿਰ ਵੀ ਠੀਕ ਰਹਿੰਦੇ ਹਨ ਅਤੇ ਉੱਥੇ ਵਸਨੀਕਾਂ ਨੂੰ ਪਾਣੀ ਦੀ ਲੋੜੀਂਦੀ ਸਪਲਾਈ ਮਿਲ ਜਾਂਦੀ ਹੈ ਪਰੰਤੂ ਉੱਪਰਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿਨ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਗਭਗ ਬੰਦ ਹੋ ਜਾਂਦੀ ਹੈ| ਉੱਪਰਲੀਆਂ ਮੰਜਿਲਾਂ ਤੇ ਲੱਗੀਆਂ ਟੰਕੀਆਂ ਦੇਰ ਰਾਤ ਆਉਣ ਵਾਲੇ ਪਾਣੀ ਨਾਲ ਭਰਦੀਆਂ ਹਨ ਜਾਂ ਫਿਰ ਵਸਨੀਕਾਂ ਵਲੋਂ ਮੋਟਰ ਲਗਾ ਕੇ ਇਹ ਟੰਕੀਆਂ ਭਰੀਆਂ ਜਾਂਦੀਆਂ ਹਨ ਅਤੇ ਉੱਪਰਲੀਆਂ ਮੰਜਿਲਾਂ ਦੇ ਵਸਨੀਕਾਂ ਨੂੰ ਟੈਂਕੀਆਂ ਦੇ ਪਾਣੀ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ|
ਗਰਮੀਆਂ ਦੇ ਮੌਸਮ ਵਿੱਚ ਜਦੋਂ ਪਾਣੀ ਦੀ ਸਪਲਾਈ ਦੇ ਮੁਕਾਬਲੇ ਇਸਦੀ ਲੋੜ ਵਿੱਚ ਵਾਧਾ ਹੋਣ ਕਾਰਨ ਟੂਟੀਆਂ ਵਿੱਚ ਪਾਣੀ ਦਾ ਪ੍ਰੈਸ਼ਰ ਘੱਟ ਜਾਂਦਾ ਹੈ ਤਾਂ ਇਸਦੀ ਸਭਤੋਂ ਜਿਆਦਾ ਮਾਰ ਉੱਪਰਲੀਆਂ ਮੰਜਿਲਾਂ ਤੇ ਰਹਿਣ ਵਾਲੇ ਲੋਕਾਂ ਨੂੰ ਹੀ ਸਹਿਣੀ ਪੈਂਦੀ ਹੈ| ਗਰਮੀਆਂ ਵਿੱਚ ਪ੍ਰੈਸ਼ਰ ਘੱਟ ਹੋ ਜਾਣ ਕਾਰਨ ਪਾਣੀ  ਉੱਪਰਲੀਆਂ ਮੰਜਿਲਾਂ ਤਕ ਪਹੁੰਚਦਾ ਹੀ ਨਹੀਂ ਹੈ| ਸਿਤਮ ਇਹ ਹੈ ਕਿ ਹੇਠਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕਾਂ ਵਲੋਂ ਤਾਂ ਆਪਣੀਆਂ ਬਗੀਚੀਆਂ ਵਿੱਚ ਪਾਣੀ ਲਗਾ ਕੇ ਅਤੇ ਗੱਡੀਆਂ ਧੋ ਕੇ ਪਾਣੀ ਦੀ ਪੂਰੀ ਫਿਜੂਲਖਰਚੀ ਕੀਤੀ ਜਾਂਦੀ ਹੈ ਜਦੋਂਕਿ ਉੱਪਰਲੀ ਮੰਜਿਲ ਤੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਲੋੜ ਦਾ ਪਾਣੀ ਵੀ ਬਾਲਟੀਆਂ ਵਿੱਚ ਭਰ ਕੇ ਲਿਜਾਣਾ ਪੈਂਦਾ ਹੈ|
ਸਾਡੇ ਸ਼ਹਿਰ ਦੇ ਵਸਨੀਕ ਉਂਝ ਤਾਂ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਰੋਣਾ ਰੋਂਦੇ ਨਜਰ ਆਉਂਦੇ ਹਨ ਪਰੰਤੂ ਉਹ ਖੁਦ ਇਸ ਤਰੀਕੇ ਨਾਲ ਕੀਤੀ ਜਾਂਦੀ ਪਾਣੀ ਦੀ ਇਸ ਫਿਜੂਲਖਰਚੀ ਦੀ ਕਾਰਵਾਈ ਰੋਕ ਲਗਾਉਣ ਲਈ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਬਲਕਿ ਇਹਨਾਂ ਵਿੱਚੋਂ ਜਿਆਦਾਤਰ ਅਜਿਹੇ ਹਨ ਜਿਹਨਾਂ ਵਲੋਂ ਆਪਣੀ ਇਸ ਕਾਰਵਾਈ ਨੂੰ ਜਾਇਜ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਵਰਤਾਰਾ ਆਮ             ਵੇਖਿਆ ਜਾ ਸਕਦਾ ਹੈ| ਸਾਡੇ ਸ਼ਹਿਰ ਦੇ ਪੜ੍ਹੇ ਲਿਖੇ ਅਤੇ ਸਮਝਦਾਰ ਲੋਕ ਉਂਝ ਤਾਂ ਅਕਸਰ ਇਹ ਦਾਅਵਾ ਕਰਦੇ ਦਿਖਦੇ ਹਨ ਕਿ ਉਹਨਾਂ ਵਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਾਂਦਾ ਜਿਸ ਨਾਲ ਸ਼ਹਿਰ ਦੇ ਹੋਰਨਾਂ ਵਸਨੀਕਾਂ ਨੂੰ ਕਿਸੇ ਕਿਸਮ ਦੀ ਕੋਈ  ਪਰੇਸ਼ਾਨੀ ਹੋਵੇ ਪਰੰਤੂ ਉਹਨਾਂ ਦਾ ਵਤੀਰਾ ਇਸ ਦਾਅਵੇ ਦੇ ਬਿਲਕੁਲ ਉਲਟ ਹੁੰਦਾ ਹੈ| ਮਿਸਾਲ ਦੇ ਤੌਰ ਤੇ  ਹੇਠਲੀ ਮੰਜਿਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਵਲੋਂ ਕੀਤੀ ਜਾ ਰਹੀ ਪੀਣ ਵਾਲੇ ਪਾਣੀ ਦੀ ਫਿਜੂਲ ਖਰਚੀ ਕਾਰਨ ਉਹਨਾਂ ਦੇ ਹੀ ਮਕਾਨ ਦੀ ਉਪਰਲੀ ਮੰਜਿਲ ਵਿੱਚ ਰਹਿਣ ਵਾਲੇ ਪਰਿਵਾਰ ਨੂੰ ਕਿੰਨੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਉਹ ਬੜੇ ਮਜੇ ਨਾਲ ਆਪਣੀਆਂ ਕਾਰਾਂ ਧੋਦੇ ਅਤੇ ਕਿਆਰੀਆਂ ਵਿੱਚ ਪਾਣੀ ਲਗਾਉਂਦੇ ਨਜਰ ਆਉਂਦੇ ਹਨ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਮੀ ਨੂੰ ਮੁੱਖ ਰੱਖਦਿਆਂ ਪਾਣੀ ਦੀ ਇਸ ਫਿਜੂਲ ਖਰਚੀ (ਬਰਬਾਦੀ) ਤੇ ਸਖਤੀ ਨਾਲ ਰੋਕ ਲਗਾਈ ਜਾਵੇ| ਪਾਣੀ ਦੀ ਫਿਜੂਲ ਖਰਚੀ ਦੇ ਖਿਲਾਫ ਨਗਰ ਨਿਗਮ ਵਲੋਂ ਅਜਿਹਾ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਜਾ ਚੁੱਕਿਆ ਹੈ ਅਤੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਇਸ ਦੁਰਵਰਤੋਂ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਇਸ ਸੰਬੰਧੀ ਫੀਲਡ ਸਟਾਫ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਸਪਲਾਈ ਵਿੱਚ ਆ ਰਹੀ ਸਮੱਸਿਆ ਤੇ ਕਾਬੂ ਕਰਕੇ ਉੱਪਰਲੀਆਂ ਮੰਜਿਲਾਂ ਵਿੱਚ ਰਹਿੰਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ|

Leave a Reply

Your email address will not be published. Required fields are marked *